ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਵੇਲੇ ਦੇ ਗਵਰਨਰ ਉਰਜਿਤ ਪਟੇਲ ਦੀ ਤੁਲਨਾ ਖਜ਼ਾਨੇ ’ਤੇ ਕੁੰਡਲੀ ਮਾਰ ਕੇ ਬੈਠੇ ਸੱਪ ਨਾਲ ਕੀਤੀ ਸੀ। ਇਹ ਦਾਅਵਾ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਆਪਣੀ ਪੁਸਤਕ ‘ਵੀ ਆਲਸੋ ਮੇਕ ਪਾਲਿਸੀ’ ਵਿਚ ਕੀਤਾ ਹੈ।
ਕਿਤਾਬ ਦੇ ਇਕ ਵੈੱਬਸਾਈਟ ਵਿਚ ਛਪੇ ਕੁਝ ਹਿੱਸਿਆਂ ਮੁਤਾਬਕ ਗਰਗ ਨੇ ਕਿਹਾ ਕਿ ਮੋਦੀ ਸਰਕਾਰ ਦੀ ਪਟੇਲ ਪ੍ਰਤੀ ਖਿਝ ਫਰਵਰੀ 2018 ਵਿਚ ਵਧ ਗਈ ਸੀ ਤੇ ਇਕ ਮਹੀਨੇ ਬਾਅਦ ਸਥਿਤੀ ਗੰਭੀਰ ਹੋ ਗਈ, ਜਦੋਂ ਪਟੇਲ ਨੇ ਸਰਕਾਰ ’ਤੇ ਨਿੱਜੀ ਬੈਂਕਾਂ ਪ੍ਰਤੀ ਨਰਮੀ ਦਾ ਦੋਸ਼ ਲਾਇਆ। ਗਰਗ ਮੁਤਾਬਕ ਪਟੇਲ ਨੇ ਕੇਂਦਰ ਦੀ ਇਲੈਕਟੋਰਲ ਬਾਂਡ ਸਕੀਮ ਨੂੰ ਇਹ ਜ਼ੋਰ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਬਾਂਡ ਰਿਜ਼ਰਵ ਬੈਂਕ ਜਾਰੀ ਕਰੇ ਤੇ ਉਹ ਵੀ ਡਿਜੀਟਲ ਸ਼ਕਲ ਵਿਚ। ਉਸੇ ਸਾਲ ਰਿਜ਼ਰਵ ਬੈਂਕ ਨੇ ਫਸਲਾਂ ਦੇ ਘੱਟੋ-ਘੱਟ ਇਮਦਾਦੀ ਭਾਅ ਵਧਾਉਣ ਦੇ ਸਰਕਾਰ ਦੇ ਫੈਸਲੇ ਦੇ ਮੱਦੇਨਜ਼ਰ ਮਹਿੰਗਾਈ ਵਧਣ ਦਾ ਹਵਾਲਾ ਦੇ ਕੇ ਰੈਪੋ ਰੇਟ 6.25 ਫੀਸਦੀ ਤੱਕ ਵਧਾ ਦਿੱਤਾ। ਤਿੰਨ ਮਹੀਨੇ ਬਾਅਦ ਰੈਪੋ ਰੇਟ 25 ਫੀਸਦੀ ਹੋਰ ਵਧਾ ਦਿੱਤਾ। ਇਸ ਨਾਲ ਸਰਕਾਰ ਉੱਤੇ ਲੱਖਾਂ ਕਰੋੜਾਂ ਰੁਪਏ ਬੈਂਕਾਂ ਵਿਚ ਰੱਖਣ ਦਾ ਦਬਾਅ ਵਧ ਗਿਆ। ਗਰਗ ਮੁਤਾਬਕ ਵੇਲੇ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਟੇਲ ਦੇ ਕੰਮ ਢੰਗ ਦਾ ਬੁਰਾ ਮਨਾਇਆ। ਇਹ ਧਾਰਨਾ ਬਣ ਗਈ ਸੀ ਕਿ ਪਟੇਲ ਇਤਿਹਾਸ ਵਿਚ ਰਿਜ਼ਰਵ ਬੈਂਕ ਦੇ ਸਭ ਤੋਂ ਆਜ਼ਾਦ ਗਵਰਨਰ ਵਜੋਂ ਨਾਂਅ ਦਰਜ ਕਰਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ 4 ਸਤੰਬਰ 2018 ਨੂੰ ਮੀਟਿੰਗ ਸੱਦੀ, ਜਿਸ ਵਿਚ ਪਟੇਲ ਨੇ ਲੰਮੀ ਮਿਆਦ ਦੇ ਕੈਪੀਟਲ ਗੇਨ ਟੈਕਸ ਨੂੰ ਖਤਮ ਕਰਨ, ਵਿਨਿਵੇਸ਼ ਦਾ ਟੀਚਾ ਵਧਾਉਣ, ਕੌਮਾਂਤਰੀ ਅਦਾਰਿਆਂ ਕੋਲ ਸਰਕਾਰੀ ਬਾਂਡਾਂ ਵਿਚ ਨਿਵੇਸ਼ ਕਰਨ ਲਈ ਪਹੁੰਚ ਕਰਨ ਤੇ ਕਈ ਕੰਪਨੀਆਂ ਦੇ ਪੈਂਡਿੰਗ ਬਿੱਲ ਅਦਾ ਕਰਨ ਦੇ ਸੁਝਾਅ ਦਿੱਤੇ। ਜੇਤਲੀ ਨੇ ਖਿਝ ਕੇ ਕਿਹਾ ਕਿ ਪਟੇਲ ਦੇ ਸੁਝਾਅ ਇਕ ਕਦਮ ਗੈਰ-ਅਮਲੀ ਤੇ ਬੇਲੋੜੇ ਹਨ।
ਗਰਗ ਮੁਤਾਬਕ ਪਟੇਲ ਨੂੰ ਮੋਦੀ ਨੇ ਹੀ ਬਣਾਇਆ ਸੀ। ਇਸ ਤੋਂ ਬਾਅਦ ਪਟੇਲ ਤੇ ਜੇਤਲੀ ਵਿਚਾਲੇ ਗੱਲਬਾਤ ਬੰਦ ਹੋ ਗਈ। ਸਿਰਫ ਪ੍ਰਧਾਨ ਮੰਤਰੀ ਦਫਤਰ ਵਿਚ ਐਡੀਸ਼ਨਲ ਪਿ੍ਰੰਸੀਪਲ ਸਕੱਤਰ ਪੀ ਕੇ ਮਿਸ਼ਰਾ ਰਾਹੀਂ ਹੀ ਪਟੇਲ ਦੀ ਗੱਲ ਹੁੰਦੀ ਸੀ। ਮੋਦੀ ਆਖਰ ਏਨੇ ਖਿਝ ਗਏ ਕਿ ਉਨ੍ਹਾ ਪਟੇਲ ਨੂੰ ਖਜ਼ਾਨੇ ’ਤੇ ਕੰੁਡਲੀ ਮਾਰਨ ਵਾਲਾ ਸੱਪ ਕਰਾਰ ਦਿੰਦਿਆਂ ਕਿਹਾ ਕਿ ਉਹ ਕਿਸੇ ਕੰਮ ਨਹੀਂ ਆ ਰਹੇ, ਪੈਸੇ ਨੂੰ ਵਰਤਣ ਨਹੀਂ ਦੇ ਰਹੇ।