ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਜ ਉਸ ਪਟੀਸ਼ਨ ‘ਤੇ ਸੁਣਵਾਈ ਕਰੇਗੀ, ਜਿਸ ਵਿਚ ਕਿ ਉਹ ਹਰਿਆਣਾ ਸਰਕਾਰ ਨੂੰ ਹਦਾਇਤ ਕਰੇ ਕਿ ਉਹ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਅਸਲੀਅਤ ਦੀ ਤਸਦੀਕ ਕਰੇ | ਪਟੀਸ਼ਨਰਾਂ ਨੇੇ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਨੇ ਕੁਝ ਲੋਕਾਂ ਨਾਲ ਮਿਲੀਭੁਗਤ ਕਰਕੇ ਬਾਬੇ ਨੂੰ ਡੰਮੀ ਬਾਬੇ ਨਾਲ ਬਦਲ ਦਿੱਤਾ ਹੈ |
ਸੀ ਬੀ ਆਈ ਦੀ ਸਪੈਸ਼ਲ ਕੋਰਟ ਨੇ 2002 ਵਿਚ ਸਾਬਕਾ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਵਿਚ ਡੇਰਾ ਮੁਖੀ ਤੇ ਚਾਰ ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ | ਇਸ ਤੋਂ ਇਲਾਵਾ 2002 ਵਿਚ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਵੀ ਉਸ ਨੂੰ 2017 ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ | ਉਸ ਨੂੰ ਪਿਛਲੇ ਮਹੀਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਇਕ ਮਹੀਨੇ ਦੀ ਪੈਰੋਲ ‘ਤੇ ਛੱਡਿਆ ਗਿਆ ਸੀ | ਅਸ਼ੋਕ ਕੁਮਾਰ ਤੇ ਹੋਰਨਾਂ ਪਟੀਸ਼ਨਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਡੇਰਾ ਸੱਚਾ ਸੌਦਾ ਦੇ ਪੱਕੇ ਪੈਰੋਕਾਰ ਹਨ | ਡੇਰਾ ਮੁਖੀ ਦੀ ਗਿ੍ਫਤਾਰੀ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਜਿਸਮ ਤੇ ਸ਼ਖਸੀਅਤ ਵਿਚ ਕਈ ਤਬਦੀਲੀਆਂ ਦੇਖੀਆਂ ਹਨ | ਉਸ ਦੀ ਉਚਾਈ ਇਕ ਇੰਚ ਵਧ ਗਈ ਹੈ, ਹੱਥਾਂ ਦੀਆਂ ਉਂਗਲੀਆਂ ਤੇ ਪੈਰਾਂ ਦੀਆਂ ਲੰਬਾਈ ਵੀ ਵਧ ਗਈ ਹੈ | ਅੱਖਾਂ ਛੋਟੀਆਂ ਹੋ ਗਈਆਂ ਹਨ, ਮੋਢਿਆਂ ਦੀ ਚੌੜਾਈ ਘਟ ਗਈ ਹੈ, ਦੰਦਾਂ ਦੀ ਬਣਾਵਟ ਵਿਚ ਵੀ ਫਰਕ ਪਿਆ ਹੈ, ਆਵਾਜ਼ ਤੇ ਜਿਸਮਾਨੀ ਭਾਸ਼ਾ ਵੀ ਬਦਲ ਗਈ ਹੈ | ਵਰਤਮਾਨ ਪੈਰੋਲ ਦੌਰਾਨ ਕਥਿਤ ਡੇਰਾ ਮੁਖੀ/ ਡੰਮੀ ਵਿਅਕਤੀ ਦੀਆਂ ਵੀਡੀਓਜ਼ ਤੇ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਚਿਹਰਾ ਤੇ ਹੱਥ ਬਦਲੇ ਹੋਏ ਹਨ | ਆਪਣੇ ਪਿੰਡ ਦੇ ਬੰਦਿਆਂ ਨਾਲ ਮੁਲਾਕਾਤ ਦੌਰਾਨ ਉਹ ਪੁਰਾਣੇ ਦੋਸਤਾਂ ਨੂੰ ਪਛਾਣ ਨਹੀਂ ਸਕਿਆ |
ਡੇਰਾ ਮੁਖੀ ਬਾਰੇ ਆਮ ਜਾਣਿਆ ਜਾਂਦਾ ਹੈ ਕਿ ਉਸ ਦੀ ਯਾਦਾਸ਼ਤ ਕਮਾਲ ਦੀ ਹੈ | ਪੈਰੋਲ ਦੌਰਾਨ ਕਥਿਤ ਡੇਰਾ ਮੁਖੀ/ ਡੰਮੀ ਵਿਅਕਤੀ ਡੇਰਾ ਮੁਖੀ ਵਾਲੇ ਪੁਰਾਣੇ ਬਿਆਨਾਂ ਦੇ ਉਲਟ ਬਿਆਨ ਦੇ ਰਿਹਾ ਹੈ |
ਪਟੀਸ਼ਨਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਪੈਰੋਲ ਦੇਣ ਤੋਂ ਬਾਅਦ ਡੇਰਾ ਮੁਖੀ ਦੇ ਆਧਾਰ ਕਾਰਡ ਵਿਚ ਤਬਦੀਲੀ ਕੀਤੀ ਗਈ ਹੈ | ਇਸ ਦਾ ਉਦੇਸ਼ ਜਾਲ੍ਹੀ ਦਸਤਾਵੇਜ਼ ਬਣਾ ਕੇ ਡੇਰੇ ਦੇ ਬੇਪਨਾਹ ਜਾਇਦਾਦ ਨੂੰ ਕੰਟਰੋਲ ਕਰਨ ਵਾਲੇ ਟਰੱਸਟ ‘ਤੇ ਕਬਜ਼ਾ ਕਰਨਾ ਹੈ, ਕਿਉਂਕਿ ਟਰੱਸਟ ਦਾ ਡੇਰਾ ਮੁਖੀ ਇੱਕੋ-ਇਕ ਮਾਲਕ ਹੈ | ਇਸ ਲਈ ਮਾਮਲੇ ਦੀ ਸੀ ਬੀ ਆਈ ਵਰਗੀ ਆਜ਼ਾਦ ਏਜੰਸੀ ਤੋਂ ਜਾਂਚ ਕਰਾਈ ਜਾਣੀ ਚਾਹੀਦੀ ਹੈ | ਪਟੀਸ਼ਨਰਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਅਸਲੀ ਡੇਰਾ ਮੁਖੀ ਨੂੰ ਅਗਵਾ ਕਰਕੇ ਉਦੈਪੁਰ ਲਿਜਾਇਆ ਗਿਆ ਹੈ ਅਤੇ ਹੁਣ ਉਸ ਨੂੰ ਡੰਮੀ ਨਾਲ ਬਦਲਣ ਦੀ ਯੋਜਨਾ ਹੈ | ਸ਼ਾਇਦ ਅਸਲੀ ਡੇਰਾ ਮੁਖੀ ਨੂੰ ਕਤਲ ਵੀ ਕਰ ਦਿੱਤਾ ਜਾਵੇ | ਪਟੀਸ਼ਨਰਾਂ ਨੇ ਕਿਹਾ ਕਿ 2015-16 ਵਿਚ ਰਾਮ ਰਹੀਮ ਵੱਲੋਂ ਖੁਦ ਨਿਰਦੇਸ਼ਤ ਫਿਲਮ ਆਨਲਾਈਨ ਗੁਰੂਕੁਲ ਲਈ ਡੇਰਾ ਮੁਖੀ ਦੇ ਕਈ ਡੁਪਲੀਕੇਟ ਤਿਆਰ ਕੀਤੇ ਗਏ ਸਨ | ਡੁਪਲੀਕੇਟ ਏਨੇ ਅਸਲੀ ਲਗਦੇ ਸਨ ਕਿ ਰਾਮ ਰਹੀਮ ਦੀ ਧੀ ਵੀ ਆਪਣੇ ਪਿਤਾ ਨੂੰ ਪਛਾਣ ਨਹੀਂ ਸਕੀ ਸੀ | ਪਟੀਸ਼ਨਰਾਂ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦੱਸਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ |





