ਹੈਦਰਾਬਾਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਥੇ ਪਾਰਟੀ ਦੀ ਦੋ ਦਿਨ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਦੇ ਆਖਰੀ ਦਿਨ ਐਤਵਾਰ ਕਿਹਾ ਕਿ ਗੁਜਰਾਤ ਦੰਗਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਦੋਸ਼ਾਂ ਨੂੰ ਰੱਦ ਕਰਨ ਦਾ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਕ ਹੈ | ਪ੍ਰਧਾਨ ਮੰਤਰੀ ਮੋਦੀ ਨੇ ਸੰਵਿਧਾਨ ‘ਤੇ ਭਰੋਸਾ ਰੱਖਿਆ ਤੇ ਗੁਜਰਾਤ ਦੰਗਿਆਂ ਦੇ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਦਾ ਸਾਹਮਣਾ ਕੀਤਾ ਪਰ ਭਿ੍ਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ‘ਤੇ ਵਿਰੋਧੀ ਧਿਰ ਬਦਅਮਨੀ ਫੈਲਾਅ ਰਹੀ ਹੈ | ਸ਼ਾਹ ਨੇ ਵਿਰੋਧੀ ਪਾਰਟੀਆਂ ਨੂੰ ਖਿੰਡੀਆਂ-ਪੁੰਡੀਆਂ ਦੱਸਦਿਆਂ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ‘ਚ ਲੋਕਤੰਤਰ ਸਥਾਪਤ ਕਰਨ ਲਈ ਇਸ ਦੇ ਆਪਣੇ ਮੈਂਬਰ ਲੜ ਰਹੇ ਹਨ, ਪਰ ‘ਗਾਂਧੀ ਪਰਵਾਰ’ ਡਰ ਕਾਰਨ ਪ੍ਰਧਾਨ ਦੇ ਅਹੁਦੇ ਦੀ ਚੋਣ ਨਹੀਂ ਕਰਵਾ ਰਿਹਾ |
ਕਾਰਜਕਾਰਨੀ ਦੀ ਬੈਠਕ ਦੌਰਾਨ ਪਾਸ ਕੀਤੇ ਗਏ ਸਿਆਸੀ ਮਤੇ ‘ਤੇ ਸ਼ਾਹ ਨੇ ਇਹ ਵੀ ਕਿਹਾ ਕਿ ਅਗਲੇ 30 ਤੋਂ 40 ਸਾਲ ਭਾਜਪਾ ਦੇ ਹੋਣਗੇ ਅਤੇ ਭਾਰਤ ‘ਵਿਸ਼ਵ ਗੁਰੂ’ ਬਣੇਗਾ | ਉਨ੍ਹਾ ਕਿਹਾ ਕਿ ਜਦੋਂ ਕਿਸੇ ਫਿਰਕੂ ਨੂੰ ਖੁਸ਼ ਕਰਨ ਦੀ ਸਿਆਸਤ ਖਤਮ ਹੋ ਜਾਵੇਗੀ ਤਾਂ ਫਿਰਕਾਪ੍ਰਸਤੀ ਵੀ ਖਤਮ ਹੋ ਜਾਵੇਗੀ | ਮਤੇ ਵਿਚ ਕਿਹਾ ਗਿਆ ਹੈ ਕਿ ਭਾਜਪਾ ਤੇਲੰਗਾਨਾ, ਆਂਧਰਾ, ਤਾਮਿਲਨਾਡੂ, ਕੇਰਲਾ, ਪੱਛਮੀ ਬੰਗਾਲ ਤੇ ਓਡੀਸ਼ਾ ਵਿਚ ਵੀ ਛੇਤੀ ਸਰਕਾਰਾਂ ਬਣਾਏਗੀ |




