ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਭਾਰਤ ਉੱਤੇ ਦੋਸ਼ ਲਾਇਆ ਸੀ ਕਿ ਉਸ ਦੀਆਂ ਖੁਫੀਆ ਏਜੰਸੀਆਂ ਦਾ ਉਸ ਦੇ ਇੱਕ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਹੱਥ ਸੀ | ਇਸ ਮਾਮਲੇ ਵਿੱਚ ਨਵਾਂ ਮੋੜ ਉਸ ਸਮੇਂ ਆਇਆ, ਜਦੋਂ 23 ਸਤੰਬਰ ਨੂੰ ਨਿਊ ਯਾਰਕ ਟਾਈਮਜ਼ ਨੇ ਇਹ ਖ਼ਬਰ ਛਾਪ ਦਿੱਤੀ ਕਿ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸੰਬੰਧੀ ਅਮਰੀਕੀ ਖੁਫੀਆ ਏਜੰਸੀਆਂ ਨੇ ਕੈਨੇਡਾ ਨਾਲ ਤੱਥਾਂ ਨੂੰ ਸਾਂਝਾ ਕੀਤਾ ਸੀ | ਇਸ ਦੇ ਨਾਲ ਹੀ ਇਹ ਖਬਰ ਵੀ ਆਈ ਹੈ ਕਿ ਹੱਤਿਆ ਤੋਂ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਨੇ ਨਿੱਝਰ ਨੂੰ ਦੱਸਿਆ ਸੀ ਕਿ ਉਹ ਖ਼ਤਰੇ ਵਿੱਚ ਹੈ | ਇਨ੍ਹਾਂ ਦੇਸ਼ਾਂ ਦੇ ਬਿਆਨਾਂ ਤੋਂ ਸਾਫ਼ ਹੋ ਜਾਂਦਾ ਹੈ ਕਿ ‘ਫਾਈਵ ਆਈਜ਼’ ਦੇ ਦੇਸ਼: ਅਮਰੀਕਾ, ਬਰਤਾਨੀਆ, ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਕੈਨੇਡਾ ਦੀ ਪਿੱਠ ਉੱਤੇ ਹਨ |
ਸਵਾਲ ਪੈਦਾ ਹੁੰਦਾ ਹੈ ਕਿ ਜੂਨ ਵਿੱਚ ਵਾਪਰੇ ਹੱਤਿਆ ਕਾਂਡ ਨੂੰ ਏਨੇ ਸਮੇਂ ਬਾਅਦ ਹੁਣ ਹੀ ਕਿਉਂ ਕੱਛ ‘ਚੋਂ ਮੂੰਗਲੀ ਕੱਢਣ ਵਾਂਗ ਸਾਹਮਣੇ ਲੈ ਆਂਦਾ ਗਿਆ ਹੈ | ਇਸ ਸਵਾਲ ਦੇ ਹੱਲ ਲਈ ਸਾਨੂੰ ਪਿੱਛੇ ਝਾਕਣਾ ਪਵੇਗਾ | ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਡੀ ਹਕੂਮਤ ਲਗਾਤਾਰ ਪੱਛਮ ਵੱਲ ਝੁਕਦੀ ਰਹੀ ਹੈ | ਪੱਛਮੀ ਦੇਸ਼ ਮੋਦੀ ਦੀਆਂ ਫੇਰੀਆਂ ਮੌਕੇ ਉਸ ਦੇ ਸਵਾਗਤ ਲਈ ਪੱਬਾਂ ਭਾਰ ਹੁੰਦੇ ਰਹੇ | ਉਹ ਮੋਦੀ ਦੀ ਵਿਸ਼ਵ ਗੁਰੂ ਬਣਨ ਦੀ ਲਾਲਸਾ ਨੂੰ ਲਗਾਤਾਰ ਪੱਠੇ ਪਾਉਂਦੇ ਰਹੇ | ਵਿਸ਼ਵ ਵਿਵਸਥਾ ਵਿੱਚ ਪੱਛਮ ਦੇ ਡੁੱਬ ਰਹੇ ਸਿਤਾਰੇ ਤੇ ਪੂਰਬ ਵੱਲੋਂ ਚੀਨ ਦੇ ਉਦੈ ਹੋ ਰਹੇ ਸੂਰਜ ਨੇ ਉਨ੍ਹਾਂ ਨੂੰ ਏਨਾ ਭੈਅਭੀਤ ਕਰ ਦਿੱਤਾ ਹੈ ਕਿ ਇਸ ਮੰਝਧਾਰ ਵਿੱਚੋਂ ਨਿਕਲਣ ਲਈ ਉਹ ਭਾਰਤ ਨੂੰ ਹੀ ਸਹਾਰਾ ਸਮਝਦੇ ਹਨ |
ਮੋਦੀ ਹਕੂਮਤ ਉੱਤੇ ਵਿਸ਼ਵ ਗੁਰੂ ਬਣਨ ਦੀ ਖੁਮਾਰੀ ਏਨੀ ਚੜ੍ਹ ਚੁੱਕੀ ਸੀ ਕਿ 2019 ਵਿੱਚ ਪਾਕਿਸਤਾਨ ਵਿਰੁੱਧ ਕੀਤੀ ਏਅਰ ਸਟ੍ਰਾਈਕ ਤੋਂ ਬਾਅਦ ਇਹ ਐਲਾਨ ਕਰ ਦਿੱਤਾ, ‘ਹੁਣ ਸਾਡਾ ਸਿਧਾਂਤ ਹੈ ਕਿ ਅਸੀਂ ਘਰ ਵਿੱਚ ਘੁਸ ਕੇ ਮਾਰਾਂਗੇ |’ ਇਹ ਨੀਤੀ ਪਹਿਲਾਂ ਇਜ਼ਰਾਈਲ ਨੇ ਅਪਣਾਈ ਸੀ, ਜਿਸ ਨੂੰ ਮੋਦੀ ਸਰਕਾਰ ਆਪਣਾ ਆਦਰਸ਼ ਮੰਨਦੀ ਹੈ | ਵਰਣਨਯੋਗ ਹੈ ਕਿ 1972 ਦੀਆਂ ਮਿਊਨਿਖ ਖੇਡਾਂ ਵਿੱਚ ਆਪਣੇ ਖਿਡਾਰੀਆਂ ਦਾ ਬਦਲਾ ਲੈਣ ਲਈ ਇਜ਼ਰਾਈਲ ਨੇ ਲੱਭ-ਲੱਭ ਕੇ ਹਤਿਆਰਿਆਂ ਨੂੰ ਖ਼ਤਮ ਕੀਤਾ ਸੀ |
ਚੀਨ ਨੂੰ ਘੇਰਨ ਲਈ ਭਾਰਤ ਨੂੰ ਆਪਣੇ ਨਾਲ ਜੋੜਨ ਵਾਸਤੇ ਅਮਰੀਕਾ ਨੇ ਆਪਣੇ ਸਾਰੇ ਕਾਇਦੇ-ਕਾਨੂੰਨ ਵੀ ਛਿੱਕੇ ਉੱਤੇ ਟੰਗ ਦਿੱਤੇ ਸਨ | ਉਸ ਨੇ ਏਅਰ ਸਟ੍ਰਾਈਕ ਬਾਰੇ ਚੁੱਪ ਵੱਟੀ ਰੱਖੀ | ਭਾਰਤ ਦੇ ਅੰਦਰ ਮੁਸਲਮਾਨਾਂ, ਈਸਾਈਆਂ ਤੇ ਦਲਿਤਾਂ ਉੱਤੇ ਸੰਸਥਾਗਤ ਹਮਲਿਆਂ ਵਿਰੁੱਧ ਅੱਖਾਂ ਮੀਟੀ ਰੱਖੀਆਂ ਹਨ | ਅਸਲ ਵਿੱਚ ਅਮਰੀਕਾ ਲਈ ਮਨੁੱਖੀ ਅਧਿਕਾਰਾਂ ਦਾ ਮਸਲਾ ਇੱਕ ਰਣਨੀਤਕ ਮੁੱਦਾ ਰਿਹਾ ਹੈ | ਅਮਰੀਕਾ ਨੇ ਵੀਅਤਨਾਮ ਤੇ ਇਰਾਕ ਉੱਤੇ ਹਮਲੇ ਕਰਕੇ ਖੁਦ ਕੌਮਾਂਤਰੀ ਕਾਨੂੰਨਾਂ ਨੂੰ ਟਿੱਚ ਜਾਣਿਆ ਸੀ | ਬਹੁਤ ਸਾਰੇ ਈਰਾਨੀ ਕਮਾਂਡਰਾਂ ਨੂੰ ਵੀ ਮਾਰਨ ਦਾ ਉਹ ਦੋਸ਼ੀ ਹੈ | ਅਮਰੀਕਾ ਦੀ ਵਿਕਾਸਸ਼ੀਲ ਦੇਸ਼ਾਂ ਵੱਲ ਹਮੇਸ਼ਾ ਇਹ ਪਹੁੰਚ ਰਹੀ ਹੈ ਕਿ ਪਹਿਲਾਂ ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਲਈ ਹੱਲਾਸ਼ੇਰੀ ਦਿਓ ਤੇ ਲੋੜ ਪੈਣ ਉੱਤੇ ਕਟਹਿਰੇ ਵਿੱਚ ਖੜ੍ਹਾ ਕਰ ਲਓ |
ਅਮਰੀਕਾ ਨੂੰ ਪੂਰੀ ਆਸ ਸੀ ਕਿ ਚੀਨ ਵਿਰੁੱਧ ਭਾਰਤ ਉਸ ਦਾ ਹੱਥਾ ਠੋਕਾ ਬਣੇਗਾ, ਪਰ ਮੋਦੀ ਲਈ ਇਹ ਏਨਾ ਸੌਖਾ ਨਹੀਂ ਸੀ | ਉਸ ਨੇ ਕਿਉਂਕਿ ਵਿਸ਼ਵ ਗੁਰੂ ਬਣਨਾ ਸੀ, ਇਸ ਲਈ ਮੋਦੀ ਸਰਕਾਰ ਨੇ ਇੱਕ ਪਾਸੇ ਤਾਂ ਅਮਰੀਕਾ ਨਾਲ ਜੁੜਨ ਲਈ ਪੂਰੀ ਵਾਹ ਲਾਈ ਤੇ ਦੂਜੇ ਪਾਸੇ ਦੁਨੀਆ ਦੇ ਨਕਸ਼ੇ ਉੱਤੇ ਉੱਭਰ ਰਹੀ ਚੀਨ-ਰੂਸ ਜੋੜੀ ਦੀ ਅਗਵਾਈ ਵਾਲੀ ਦੂਜੀ ਧੁਰੀ ਨਾਲ ਵੀ ਸੰਬੰਧ ਬਣਾਈ ਰੱਖੇ | ਮੋਦੀ ਸਰਕਾਰ ਦੀ ਨੀਤੀ ਸੀ ਕਿ ਦੋਵਾਂ ਧੜਿਆਂ ਦੇ ਇੱਕ-ਦੂਜੇ ਦੇ ਡਰ ਨੂੰ ਵਰਤ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾਵੇ | ਅਮਰੀਕਾ ਨੂੰ ਸਭ ਤੋਂ ਵੱਡਾ ਧੱਕਾ ਉਦੋਂ ਲੱਗਾ, ਜਦੋਂ ਜੌਹਨਸਬਰਗ ਵਿੱਚ ਹੋਏ ਬਿ੍ਕਸ ਸੰਮੇਲਨ ਵਿੱਚ 6 ਨਵੇਂ ਦੇਸ਼ ਮੈਂਬਰ ਲੈਣ ਲਈ ਭਾਰਤ ਨੇ ਹਾਮੀ ਭਰ ਦਿੱਤੀ ਤੇ ਨਾਲ ਹੀ ਆਪਣਾ ਵੱਖਰਾ ਬੈਂਕ ਤੇ ਕਰੰਸੀ ਦੇ ਫੈਸਲੇ ਲੈ ਲਏ |
ਇਸ ਦੇ ਬਾਵਜੂਦ ਪੱਛਮੀ ਦੇਸ਼ਾਂ ਨੇ ਕੌੜਾ ਘੁੱਟ ਭਰ ਲਿਆ | ਉਨ੍ਹਾਂ ਜੀ-20 ਦੇ ਦਿੱਲੀ ਸਿਖਰ ਸੰਮੇਲਨ ਦੌਰਾਨ ਆਪਣੇ ਰੁਖ ਨਾਲ ਸਮਝੌਤਾ ਕਰ ਲਿਆ | ਉਨ੍ਹਾਂ ਐਲਾਨਨਾਮੇ ਵਿਚਲੀ ਉਹ ਭਾਸ਼ਾ ਵੀ ਮੰਨ ਲਈ, ਜਿਹੜੀ ਉਨ੍ਹਾਂ ਦੀ ਪੁਰਾਣੀ ਧਾਰਨਾ ਦੇ ਵਿਰੁੱਧ ਸੀ | ਲਗਦਾ ਇਹ ਹੈ ਕਿ ਪੱਛਮੀ ਦੇਸ਼ ਇੰਜ ਕਰਕੇ ਮੋਦੀ ਦੀ ਹਊਮੈ ਨੂੰ ਪੱਠੇ ਪਾ ਰਹੇ ਸਨ | ਇਸ ਸੰਮੇਲਨ ਦੀ ਸਫ਼ਲਤਾ ਨੇ ਮੋਦੀ ਦੀ ਛਵੀ ਨੂੰ ਚਾਰ ਚੰਨ ਲਾ ਦਿੱਤੇ | ਇਸ ਲਈ ਅਰਬਾਂ ਰੁਪਏ ਵੀ ਫੂਕ ਦਿੱਤੇ ਗਏ | ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੱਛਮੀ ਮੁਲਕਾਂ ਦਾ ਹਮੇਸ਼ਾ ਦੂਹਰਾ ਕਿਰਦਾਰ ਰਿਹਾ ਹੈ | ਇਹ ਪਹਿਲਾਂ ਕੋਠੇ ਉੱਤੇ ਚੜ੍ਹਾਉਂਦੇ ਹਨ ਤੇ ਫਿਰ ਲੋੜ ਪੈਣ ਉੱਤੇ ਪੌੜੀ ਖਿੱਚ ਲੈਂਦੇ ਹਨ |
ਜੀ-20 ਸੰਮੇਲਨ ਦੀ ਸਫਲਤਾ ਦੀ ਹਾਲੇ ਖੁਮਾਰੀ ਨਹੀਂ ਸੀ ਉਤਰੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਸਰਕਾਰ ਦੇ ਚਿਹਰੇ ਤੋਂ ਵਿਸ਼ਵ ਗੁਰੂ ਵਾਲਾ ਮੁਖੌਟਾ ਲਾਹ ਦਿੱਤਾ | ਇਹ ਇਲਜ਼ਾਮ ਸੱਚੇ ਹਨ ਜਾਂ ਝੂਠੇ, ਇਸ ਦਾ ਪਤਾ ਤਾਂ ਸਮੇਂ ਬਾਅਦ ਲੱਗੇਗਾ ਜਾਂ ਲੱਗੇਗਾ ਵੀ ਨਹੀਂ, ਕਹਿ ਨਹੀਂ ਸਕਦੇ, ਪਰ ਇੱਕ ਗੱਲ ਸਪੱਸ਼ਟ ਹੈ ਕਿ ਪੱਛਮੀ ਦੇਸ਼ਾਂ ਨੇ ਜਿਹੜਾ ਦਾਅ ਖੇਡਿਆ ਹੈ, ਉਹ ਗੰਭੀਰ ਨੌਈਅਤ ਦਾ ਹੈ | ਜੇਕਰ ਕੈਨੇਡਾ ਵੱਲੋਂ ਲਾਏ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਕੌਮਾਂਤਰੀ ਪੱਧਰ ‘ਤੇ ਦੇਸ਼ ਦੀ ਛਵੀ ਪਾਕਿਸਤਾਨ ਵਰਗੀ ਹੋ ਜਾਵੇਗੀ |
ਜਾਪਦਾ ਹੈ ਕਿ ਅਮਰੀਕਾ ਇਸ ਸਥਿਤੀ ਨੂੰ ਵਰਤ ਕੇ ਭਾਰਤ ਨੂੰ ਆਪਣੇ ਖੇਮੇ ਵਿੱਚ ਪੱਕੇ ਤੌਰ ਉੱਤੇ ਲਿਆਉਣ ਲਈ ਵਰਤੇਗਾ | ‘ਇੰਡੀਅਨ ਐੱਕਸਪ੍ਰੈਸ’ ਦੀ ਖ਼ਬਰ ਅਨੁਸਾਰ ਅਮਰੀਕਾ ਦੀ ਵਿਚੋਲਗੀ ਰਾਹੀਂ ਕੈਨੇਡਾ ਤੇ ਭਾਰਤ ਵਿਚਾਲੇ ਪਰਦੇ ਪਿੱਛੇ ਗੱਲਬਾਤ ਜਾਰੀ ਹੈ | ਇਸ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਵੀ ਆਪਣੇ ਬਿਆਨ ਵਿੱਚ ਕੈਨੇਡਾ ਦੇ ਭਾਰਤ ਨਾਲ ਰਿਸ਼ਤਿਆਂ ਨੂੰ ਅਹਿਮ ਦੱਸਿਆ ਹੈ ਤੇ ਕਿਹਾ ਹੈ ਕਿ ਉਨ੍ਹਾ ਦਾ ਦੇਸ਼ ਭਾਰਤ ਨਾਲ ਸਾਂਝ ਵਧਾਉਣ ਲਈ ਲਗਾਤਾਰ ਯਤਨ ਜਾਰੀ ਰੱਖੇਗਾ | ਇਸ ਦੇ ਬਾਵਜੂਦ ਸੰਸਾਰ ਪੱਧਰ ਉੱਤੇ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਫਾਸ਼ੀਵਾਦ ਰਾਜਨੀਤੀ ਸਿਰਫ਼ ਭਾਰਤ ਹੀ ਨਹੀਂ ਵਿਸ਼ਵ ਲਈ ਖ਼ਤਰਾ ਬਣ ਸਕਦੀ ਹੈ | ਇਸ ਦੇ ਨਾਲ ਹੀ ਮੋਦੀ ਸਰਕਾਰ ਦੇ ਨੀਤੀ ਘਾੜਿਆਂ ਨੂੰ ਇਹ ਸਮਝ ਆ ਗਈ ਹੋਵੇਗੀ ਕਿ ਕਿਸੇ ਵੱਡੀ ਤਾਕਤ ਦਾ ਮੋਹਰਾ ਬਣ ਕੇ ਵਿਸ਼ਵ ਗੁਰੂ ਨਹੀਂ ਬਣਿਆ ਜਾ ਸਕਦਾ |
-ਚੰਦ ਫਤਿਹਪੁਰੀ