ਇੰਫਾਲ : ਵਿਗੜਦੀ ਜਾ ਰਹੀ ਅਮਨ-ਕਾਨੂੰਨ ਦੀ ਹਾਲਤ ਦੇ ਮੱਦੇਨਜ਼ਰ ਮਨੀਪੁਰ ਸਰਕਾਰ ਨੇ ਬੁੱਧਵਾਰ ਸਾਰੇ ਰਾਜ ਨੂੰ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਅਧੀਨ ਛੇ ਮਹੀਨਿਆਂ ਲਈ ਗੜਬੜਜ਼ਦਾ ਇਲਾਕਾ ਐਲਾਨ ਦਿੱਤਾ। ਤਾਂ ਵੀ, ਇਹ ਐਲਾਨ ਰਾਜਧਾਨੀ ਇੰਫਾਲ ਸਣੇ 19 ਥਾਣਿਆਂ ਦੇ ਇਲਾਕਿਆਂ ਵਿਚ ਲਾਗੂ ਨਹੀਂ ਹੋਵੇਗਾ। ਰਾਜ ਸਰਕਾਰ ਨੇ ਇਸ ਬਾਰੇ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਹੈ ਕਿ ਵੱਖ-ਵੱਖ ਅੱਤਵਾਦੀ ਤੇ ਬਾਗੀ ਗਰੁੱਪਾਂ ਦੀਆਂ ਹਿੰਸਕ ਸਰਗਰਮੀਆਂ ਨੂੰ ਦੇਖਦਿਆਂ ਸਮੁੱਚੇ ਰਾਜ ਵਿਚ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਹਥਿਆਰਬੰਦ ਬਲਾਂ ਦੀ ਲੋੜ ਹੈ। ਨੋਟੀਫਿਕੇਸ਼ਨ ਪਹਿਲੀ ਅਕਤੂਬਰ ਤੋਂ ਲਾਗੂ ਮੰਨਿਆ ਜਾਵੇਗਾ। ਇਹ ਨੋਟੀਫਿਕੇਸ਼ਨ ਸ਼ੱਕੀ ਹਥਿਆਰਬੰਦਾਂ ਵੱਲੋਂ ਮੈਤੇਈ ਭਾਈਚਾਰੇ ਦੇ ਦੋ ਵਿਦਿਆਰਥੀਆਂ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਮਾਰਨ ਤੋਂ ਬਾਅਦ ਭੜਕੇ ਰੋਸ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਨਜ਼ਰ ਆਉਣ ਤੋਂ ਬਾਅਦ ਵਿਦਿਆਰਥੀਆਂ ਨੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੀ ਕੋਠੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਾਜ਼ਾ ਹਿੰਸਾ ਮੋਬਾਇਲ ਇੰਟਰਨੈੱਟ ਸੇਵਾ ਕਰੀਬ ਪੰਜ ਮਹੀਨਿਆਂ ਬਾਅਦ ਬਹਾਲ ਕੀਤੇ ਜਾਣ ਤੋਂ ਬਾਅਦ ਹੋਈ ਹੈ। ਇਸੇ ਦੌਰਾਨ ਪੁਲਸ ਦਾ ਕਹਿਣਾ ਹੈ ਕਿ ਲਗਦਾ ਹੈ ਕਿ 20 ਸਾਲਾ ਮੁੰਡਾ ਫਿਜਮ ਹੇਮਜੀਤ ਤੇ 17 ਸਾਲਾ ਕੁੜੀ ਹਿਜਮ ਲਿੰਥੋਇਨਗਾਂਬੀ 6 ਜੁਲਾਈ ਨੂੰ ਘਰੋਂ ਭੱਜ ਗਏ ਸਨ, ਪਰ ਕੁੱਕੀ ਭਾਈਚਾਰੇ ਦੇ ਇਲਾਕੇ ਵਿਚ ਫੜੇ ਗਏ ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।