ਹਾਂਗਜ਼ੂ : ਹਾਂਗਜੂ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਪੰਜਾਬ ਦੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਬੁੱਧਵਾਰ ਭਾਰਤ ਲਈ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ ਜਿੱਤਿਆ। ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਪੰਜਾਬ ਦੇ ਅੰਗਦਵੀਰ ਸਿੰਘ ਬਾਜਵਾ ਤੇ ਗੁਰਜੋਤ ਸਿੰਘ ਖੰਗੂੜਾ ਨੇ ਕਾਂਸੀ ਦਾ ਤਮਗਾ ਜਿੱਤਿਆ। ਸਿਫਤ ਕੌਰ ਸਮਰਾ ਨੇ ਏਸ਼ੀਆਈ ਖੇਡਾਂ ‘ਚ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਦੇ ਵਿਅਕਤੀਗਤ ਮੁਕਾਬਲੇ ‘ਚ ਦਬਦਬਾ ਕਾਇਮ ਕਰਦਿਆਂ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗਮਾ ਜਿੱਤਿਆ, ਜਦਕਿ ਆਸੀ ਚੋਕਸੀ ਵੀ ਕਾਂਸੀ ਦਾ ਤਗਮਾ ਜਿੱਤਣ ‘ਚ ਕਾਮਯਾਬ ਰਹੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਵਿਦਿਆਰਥਣ ਸਿਫਤ ਕੌਰ ਸਮਰਾ ਨੇ ਫਾਈਨਲ ‘ਚ 469.6 ਅੰਕ ਬਣਾਏ। ਉਸ ਨੇ ਮਹਿਲਾ 50 ਮੀਟਰ ਰਾਈਫਲ 3 ਪੁਜ਼ੀਸ਼ਨ ‘ਚ ਟੀਮ ਈਵੈਂਟ ‘ਚ ਵੀ ਚਾਂਦੀ ਦਾ ਤਮਗਾ ਜਿੱਤਿਆ। ਆਸੀ ਚੋਕਸੀ, ਮਾਨਿਨੀ ਕੌਸ਼ਿਕ ਅਤੇ ਸਿਫਤ ਕੌਰ ਸਮਰਾ ਦੀ ਤਿਕੜੀ 1764 ਅੰਕਾਂ ਨਾਲ ਕੁਆਲੀਫਿਕੇਸ਼ਨ ‘ਚ ਦੂਜੇ ਸਥਾਨ ‘ਤੇ ਰਹੀ।ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫਰੀਦਕੋਟ ਦੀ ਹੋਣਹਾਰ ਨਿਸ਼ਾਨੇਬਾਜ਼ ਸਿਫਤ ਤੇ ਦੋਵੇਂ ਸਕੀਟ ਨਿਸ਼ਾਨੇਬਾਜ਼ਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ‘ਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਸੁਫਨੇ ਨੂੰ ਸਿਫਤ ਜਿਹੀਆਂ ਖਿਡਾਰਨਾਂ ਹੀ ਪੂਰਾ ਕਰਨਗੀਆਂ। ਪੰਜਾਬ ਦੇ ਖਿਡਾਰੀ ਏਸ਼ੀਅਨ ਖੇਡਾਂ ‘ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾ ਕਿਹਾ ਕਿ ਸਿਫਤ ਦੀ ਇਹ ਪ੍ਰਾਪਤੀ ਪੰਜਾਬ ‘ਚ ਨਵੀਂ ਉਮਰ ਦੇ ਖਿਡਾਰੀਆਂ ਖਾਸ ਕਰਕੇ ਲੜਕੀਆਂ ਲਈ ਪ੍ਰੇਰਨਾ-ਸਰੋਤ ਹੈ। ਉਨ੍ਹਾ ਇਸ ਪ੍ਰਾਪਤੀ ਦਾ ਸਿਹਰਾ ਨਿਸ਼ਾਨੇਬਾਜ਼ ਦੀ ਸਖਤ ਮਿਹਨਤ ਅਤੇ ਉਸ ਦੇ ਮਾਪਿਆਂ ਤੇ ਕੋਚਾਂ ਸਿਰ ਬੰਨ੍ਹਿਆ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਉਦਘਾਟਨੀ ਸਮਾਰੋਹ ‘ਚ ਸਿਫਤ ਸਮਰਾ ਮਸ਼ਾਲ ਮਾਰਚ ਦਾ ਹਿੱਸਾ ਸੀ। ਏਸ਼ੀਆਈ ਖੇਡਾਂ ਦੀ ਤਿਆਰੀ ਲਈ ਪੰਜਾਬ ਸਰਕਾਰ ਨੇ ਸਾਰੇ ਪੰਜਾਬੀ ਖਿਡਾਰੀਆਂ ਨੂੰ 8-8 ਲੱਖ ਰੁਪਏ ਦਾ ਚੈੱਕ ਸੌਂਪਿਆ ਸੀ।
ਹਾਂਗਜ਼ੂ ‘ਚ ਚੱਲ ਰਹੀਆਂ ਏਸ਼ੀਅਨ ਖੇਡਾਂ ‘ਚ ਮਨੂ ਭਾਕਰ, ਈਸਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਬੁੱਧਵਾਰ ਖੇਡਾਂ ਦੇ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ‘ਚ ਸੋਨ ਤਗਮਾ ਜਿੱਤਿਆ। ਮਨੂ, ਈਸਾ ਅਤੇ ਰਿਦਮ ਦੀ ਟੀਮ ਕੁੱਲ 1759 ਅੰਕਾਂ ਨਾਲ ਸਿਖਰ ‘ਤੇ ਰਹੀ, ਜਿਸ ਨਾਲ ਭਾਰਤ ਨੂੰ ਚੱਲ ਰਹੀਆਂ ਖੇਡਾਂ ‘ਚ ਚੌਥਾ ਸੋਨ ਤਮਗਾ ਜਿੱਤਣ ‘ਚ ਮਦਦ ਮਿਲੀ। ਇਸ ਦੌਰਾਨ ਭਾਰਤੀ ਮਹਿਲਾ ਹਾਕੀ ਖਿਡਾਰਨ ਸੰਗੀਤਾ ਕੁਮਾਰੀ ਦੀ ਹੈਟ੍ਰਿਕ ਸਮੇਤ ਆਪਣੀਆਂ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ‘ਚ ਆਪਣੇ ਪਹਿਲੇ ਮੈਚ ‘ਚ ਸਿੰਗਾਪੁਰ ਨੂੰ 13-0 ਨਾਲ ਹਰਾ ਦਿੱਤਾ। ਵਿਸ਼ਵ ਰੈਂਕਿੰਗ ‘ਚ ਸੱਤਵੇਂ ਸਥਾਨ ‘ਤੇ ਕਾਬਜ਼ ਭਾਰਤ ਦਾ ਸਾਹਮਣਾ ਪੂਲ-ਏ ਦੇ ਮੈਚ ‘ਚ 34ਵੀਂ ਰੈਂਕਿੰਗ ਦੀ ਟੀਮ ਨਾਲ ਸੀ। ਹੁਣ 29 ਸਤੰਬਰ ਨੂੰ ਭਾਰਤ ਨੇ ਮਲੇਸ਼ੀਆ ਨਾਲ ਖੇਡਣਾ ਹੈ।