ਨਵੀਂ ਦਿੱਲੀ : ਇਹ ਖਬਰ ਸ਼ਾਇਦ ਤੁਸੀਂ ਕਿਸੇ ਅਖਬਾਰ ਵਿਚ ਨਹੀਂ ਪੜ੍ਹੀ ਹੋਣੀ। ਈ ਡੀ ਨੇ ਤਾਮਿਲਨਾਡੂ ਭਾਜਪਾ ਦੇ ਹੈੱਡਕੁਆਰਟਰ ‘ਕਮਲਾਲਯਮ’ ਵਿਚ ਅਕਾਊਂਟੈਂਟ ਜਿਓਤੀ ਕੁਮਾਰ ’ਤੇ 26 ਸਤੰਬਰ ਨੂੰ ਛਾਪਾ ਮਾਰਿਆ, ਹਾਲਾਂਕਿ ਕਾਰਵਾਈ ਚਾਰ ਘੰਟੇ ਬਾਅਦ ਰੋਕ ਦਿੱਤੀ ਗਈ। ਇਸ ਛਾਪੇ ਦਾ ਕੁਨੈਕਸ਼ਨ ਈ ਡੀ ਦੀ 12 ਸਤੰਬਰ ਨੂੰ ਸੂਬੇ ਦੇ 34 ਟਿਕਾਣਿਆਂ ’ਤੇ ਛਾਪੇਮਾਰੀ ਨਾਲ ਜੁੜਿਆ ਹੋਇਆ ਹੈ।
ਅੰਗਰੇਜ਼ੀ ਦੀ ਵੈੱਬਸਾਈਟ ‘ਦੀ ਨਿਊਜ਼ਮਿੰਟ’, ਇੰਡੀਅਨ ਐੱਕਸਪ੍ਰੈੱਸ ਦੇ ਦੱਖਣ ਭਾਰਤੀ ਡਿਜੀਟਲ ਐਡੀਸ਼ਨ ਅਤੇ ਸਾਊਥ ਫਸਟ ਨੇ ਹੀ ਇਹ ਖਬਰ ਨਸ਼ਰ ਕੀਤੀ।
ਸੂਤਰਾਂ ਮੁਤਾਬਕ ਈ ਡੀ ਅਧਿਕਾਰੀਆਂ ਨੇ ਜਿਓਤੀ ਕੁਮਾਰ ਤੇ ਉਸ ਦੇ ਮਕਾਨ ਮਾਲਕ ਤੋਂ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਜਿਓਤੀ ਕੁਮਾਰ ਦੇ ਰਿਹਾਇਸ਼ੀ ਟਿਕਾਣੇ ’ਤੇ ਵੀ ਛਾਪੇਮਾਰੀ ਕੀਤੀ, ਜਿਸ ਨੂੰ ਰੀਅਲ ਅਸਟੇਟ ਬਿਲਡਰ ਸ਼ਨਮੁਗਮ ਨੇ ਬਣਾਇਆ ਹੈ। ਇਸ ਤੋਂ ਪਹਿਲਾਂ ਈ ਡੀ ਨੇ ਉਸੇ ਦਿਨ ਰੇਤ ਖਣਨ ਠੇਕੇਦਾਰਾਂ ਰਤੀਨਮ, ਐੱਸ ਰਾਮਚੰਦਰਨ ਤੇ ਕਰੀਕਾਲਨ ਦੀਆਂ ਛੇ ਖਾਣਾਂ ’ਤੇ ਛਾਪੇਮਾਰੀ ਕੀਤੀ। ਈ ਡੀ ਨੇ ਜਲ ਵਸੀਲਿਆਂ ਦੇ ਵਿਭਾਗ ਦੇ ਹੈੱਡਕੁਆਰਟਰ ਅਤੇ ਇਸ ਦੇ ਆਡੀਟਰ ਸ਼ਨਮੁਗਨਰਾਜ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਅਤੇ ਬੇਨਾਮੀ ਇਕ ਕਿੱਲੋ ਸੋਨੇ ਦੇ ਨਾਲ 12 ਕਰੋੜ 82 ਲੱਖ ਰੁਪਏ ਫੜੇ।
ਜਿਓਤੀ ਕੁਮਾਰ ਦੀ ਗਿਣਤੀ ਭਾਜਪਾ ਦੇ ਸੀਨੀਅਰ ਆਗੂਆਂ ਵਿਚ ਹੁੰਦੀ ਹੈ ਤੇ ਛਾਪੇ ਨੇ ਭਾਜਪਾ ਆਗੂਆਂ ਨੂੰ ਹੈਰਾਨ ਕਰ ਦਿੱਤਾ ਹੈ। ਸਾਊਥ ਫਸਟ ਮੁਤਾਬਕ ਜਿਓਤੀ ਕੁਮਾਰ ’ਤੇ ਛਾਪਾ ਨਾਜਾਇਜ਼ ਖਣਨ ਦੀ ਵਿਕਰੀ ਦੇ ਮਾਮਲੇ ਵਿਚ ਮਾਰਿਆ ਗਿਆ। ਈ ਡੀ ਨੂੰ ਪਤਾ ਲੱਗਾ ਕਿ ਸ਼ਨਮੁਗਮ ਦੇ ਬੈਂਕ ਖਾਤੇ ਵਿਚ ਪੈਸੇ ਟਰਾਂਸਫਰ ਹੁੰਦੇ ਸਨ ਤੇ ਹੋਰ ਪੜਤਾਲ ਵਿਚ ਜਿਓਤੀ ਕੁਮਾਰ ਤੇ ਬਿਲਡਰ ਵਿਚਾਲੇ ਲੈਣ-ਦੇਣ ਦਾ ਪਤਾ ਲੱਗਾ। ਇਸ ਖਬਰ ਨੂੰ ਇਸ ਤਰ੍ਹਾਂ ਦਬਾਅ ਦਿੱਤਾ ਗਿਆ ਕਿ ਈ ਡੀ ਨੇ ਜਿਓਤੀ ਕੁਮਾਰ ਤੋਂ ਇਲਾਵਾ ਹੋਰਨਾਂ ਛਾਪਿਆਂ ਬਾਰੇ ਵੀ ਕੋਈ ਬਿਆਨ ਨਹੀਂ ਦਿੱਤਾ।