27.5 C
Jalandhar
Friday, October 18, 2024
spot_img

ਪਾਕਿਸਤਾਨ : ਦੋ ਧਮਾਕਿਆਂ ‘ਚ 59 ਮੌਤਾਂ

ਇਸਲਾਮਾਬਾਦ : ਪਾਕਿਸਤਾਨ ‘ਚ ਸ਼ੁੱਕਰਵਾਰ ਦੋ ਥਾਵਾਂ ‘ਤੇ ਦੋ ਬੰਬ ਧਮਾਕੇ ਹੋਏ ਪਹਿਲਾ ਧਮਾਕਾ ਬਲੋਚਿਸਤਾਨ ਦੇ ਮਸਤੁੰਗ ਸ਼ਹਿਰ ‘ਚ ਇੱਕ ਮਸਜਿਦ ਦੇ ਕੋਲ ਹੋਇਆ | ਇਹ ਆਤਮਘਾਤੀ ਹਮਲਾ ਸੀ, ਜਿਸ ‘ਚ 55 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਜ਼ਿਆਦ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਇਹ ਘਟਨਾ ਸ਼ੁੱਕਰਵਾਰ ਨੂੰ ਮਸਤੁੰਗ ਜ਼ਿਲ੍ਹੇ ‘ਚ ਹੋਈ | ਬੰਬ ਧਮਾਕਾ ਉਸ ਸਮੇਂ ਹੋਇਆ ਜਦ ਲੋਕ ਈਦ ਮਿਲਾਦਉਨ ਨਬੀ ਦੇ ਆਯੋਜਨ ‘ਚ ਇਕੱਠੇ ਹੋਏ ਸਨ | ਧਮਾਕੇ ਤੋਂ ਬਾਅਦ ਹਸਪਤਾਲਾਂ ‘ਚ ਐਮਰਜੈਂਸੀ ਐਲਾਨ ਦਿੱਤੀ ਅਤੇ ਹਸਪਤਾਲ ਸਟਾਫ਼ ਨੂੰ ਤੁਰੰਤ ਪਹੁੰਚਣ ਦਾ ਨਿਰਦੇਸ਼ ਦਿੱਤਾ ਗਿਆ | ਧਮਾਕੇ ‘ਚ ਇੱਕ ਡੀ ਐੱਸ ਪੀ ਦੀ ਵੀ ਮੌਤ ਹੋ ਗਈ | ਮੁਸਤੁੰਗ ਦੇ ਸਹਾਇਕ ਕਮਿਸ਼ਨਰ ਉਤਾਉਲ੍ਹਾ ਮੁਨੀਮ ਨੇ ਕਿਹਾ ਕਿ ਧਮਾਕਾ ਉਦੋਂ ਹੋਇਆ, ਜਦ ਲੋਕ ਅਲਫਲਾਹ ਰੋਡ ‘ਤੇ ਮਦੀਨਾ ਮਸਜਿਦ ਕੋਲ ਈਦ ਮਿਲਾਦੁਨ ਨਬੀ ਜਲੂਸ ਲਈ ਇਕੱਠੇ ਹੋਏ ਸਨ | ਉਨ੍ਹਾ ਪੁਸ਼ਟੀ ਕੀਤੀ ਕਿ ਧਮਾਕਾ ਡੀ ਐੱਸ ਪੀ ਗਿਸ਼ਕੋਰੀ ਦੀ ਕਾਰ ‘ਚ ਹੋਇਆ ਸੀ, ਜਿਸ ਨੇ ਜਲੂਸ ਦੇ ਨਾਲ ਰਹਿਣਾ ਸੀ | ਐੱਸ ਐੱਚ ਓ ਲੇਹਰੀ ਨੇ ਕਿਹਾ ਕਿ ਧਮਾਕਾ ਇੱਕ ਆਤਮਘਾਤੀ ਸੀ ਅਤੇ ਹਮਲਾਵਰ ਨੇ ਡੀ ਐੱਸ ਪੀ ਗਿਸ਼ਕੋਰੀ ਦੀ ਕਾਰ ਦੇ ਨੇੜੇ ਖੁਦ ਨੂੰ ਉਡਾ ਲਿਆ | ਬਲੋਚਿਸਤਾਨ ਦੇ ਅੰਦਰੂਨੀ ਸੂਚਨਾ ਮੰਤਰੀ ਮੰਤਰੀ ਜਾਨ ਅਚਕਜਈ ਨੇ ਕਿਹਾ ਕਿ ਦੁਸ਼ਮਣ ਵਿਦੇਸ਼ੀ ਮਦਦ ਨਾਲ ਬਲੋਚਿਸਤਾਨ ‘ਚ ਸ਼ਾਂਤੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ | ਉਨ੍ਹਾ ਅੱਗੇ ਕਿਹਾ ਕਿ ਕਾਰਜਕਾਰੀ ਮੁੱਖ ਮੰਤਰੀ ਅਲੀ ਮਰਦਨ ਡੋਮਕੀ ਨੇ ਅਧਿਕਾਰੀਆਂ ਨੂੰ ਧਮਾਕੇ ਲਈ ਜ਼ਿੰਮੇਵਾਰ ਲੋਕਾਂ ਨੂੰ ਗਿ੍ਫ਼ਤਾਰ ਕਰਨ ਦਾ ਨਿਰਦੇਸ਼ ਦਿੱਤਾ ਹੈ | ਇਸੇ ਦੌਰਾਨ ਗ੍ਰਹਿ ਮੰਤਰੀ ਸਰਫਰਾਜ ਅਹਿਮਦ ਬੁਗਤੀ ਨੇ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਅਤੇ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ | ਉਨ੍ਹਾ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੈ, ਬੁਗਤੀ ਨੇ ਕਿਹਾ ਕਿ ਬਚਾਅ ਅਭਿਆਨ ਦੌਰਾਨ ਸਾਰੇ ਸਾਧਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਦੂਜਾ ਧਮਾਕਾ ਖੈਬਰ ਪਖਤੂਨਖਵਾ ਦੇ ਹੰਗੂ ਸ਼ਹਿਰ ਦੀ ਮਸਜਿਦ ‘ਚ ਹੋਇਆ | ਇਹ ਫਾਦਾਇਨ ਹਮਲਾ ਸੀ | ਪਾਕਿਸਤਾਨੀ ਮੀਡੀਆ ਮੁਤਾਬਿਕ ਇੱਥੇ ਇੱਕ ਪੁਲਸ ਅਫ਼ਸਰ ਸਮੇਤ 4 ਲੋਕਾਂ ਦੀ ਮੌਤ ਹੋ ਗਈ | ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਸਜਿਦ ‘ਚ ਨਮਾਜ ਪੜ੍ਹੀ ਜਾ ਰਹੀ ਸੀ ਉਦੋਂ ਹੀ ਧਮਾਕਾ ਹੋਇਆ | ਇਸ ਤੋਂ ਬਾਅਦ ਮਸਜਿਦ ਦੀ ਛੱਤ ਡਿੱਗ ਗਈ |

Related Articles

LEAVE A REPLY

Please enter your comment!
Please enter your name here

Latest Articles