ਮਾਂਟ੍ਰੀਆਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਪੁਖਤਾ ਦੋਸ਼ਾਂ ਦੇ ਬਾਵਜੂਦ ਕੈਨੇਡਾ ਭਾਰਤ ਨਾਲ ਕਰੀਬੀ ਸੰਬੰਧ ਬਣਾਉਣ ਲਈ ਅਜੇ ਵੀ ਵਚਨਬੱਧ ਹੈ |
ਉਨ੍ਹਾ ਕਿਹਾ ਕਿ ਦੁਨੀਆ ਪੱਧਰ ‘ਤੇ ਭਾਰਤ ਦਾ ਮਹੱਤਵ ਲਗਾਤਾਰ ਵਧ ਰਿਹਾ ਹੈ ਤੇ ਅਜਿਹੇ ਵਿਚ ਬੇਹੱਦ ਅਹਿਮ ਹੈ ਕਿ ਕੈਨੇਡਾ ਅਤੇ ਉਸ ਦੇ ਸਹਿਯੋਗੀ ਭਾਰਤ ਨਾਲ ਮਿਲ ਕੇ ਕੰਮ ਕਰਨ |
ਟਰੂਡੋ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ-ਭਾਰਤ ਆਰਥਿਕ ਪਿੜ ਵਿਚ ਲਗਾਤਾਰ ਵਿਕਾਸ ਕਰ ਰਿਹਾ ਹੈ ਅਤੇ ਭੂ-ਸਿਆਸੀ ਪਿੜ ਵਿਚ ਅਹਿਮ ਰੋਲ ਨਿਭਾਉਂਦਾ ਹੈ | ਅਸੀਂ ਭਾਰਤ ਨਾਲ ਪੂਰੀ ਗੰਭੀਰਤਾ ਨਾਲ ਬਿਹਤਰ ਰਿਸ਼ਤੇ ਬਣਾਉਣ ਲਈ ਤਿਆਰ ਹਾਂ, ਪਰ ਕੈਨੇਡਾ ਵਿਚ ਕਾਨੂੰਨ ਦਾ ਸ਼ਾਸਨ ਹੈ | ਅਸੀਂ ਫਿਰ ਇਸ ਗੱਲ ‘ਤੇ ਜ਼ੋਰ ਦੇ ਰਹੇ ਹਾਂ ਕਿ ਨਿੱਜਰ ਕਤਲ ਮਾਮਲੇ ਦੀ ਤਹਿ ਤੱਕ ਜਾਣ ਲਈ ਭਾਰਤ ਜਾਂਚ ਵਿਚ ਸਾਡੀ ਮਦਦ ਕਰੇ |
ਕੈਨੇਡੀਅਨ ਅਖਬਾਰ ਨੈਸ਼ਨਲ ਪੋਸਟ ਮੁਤਾਬਕ ਟਰੂਡੋ ਨੇ ਕਿਹਾ-ਜੋ ਵੀ ਦੇਸ਼ ਕਾਨੂੰਨ ਦੇ ਸ਼ਾਸਨ ਦੀ ਇੱਜ਼ਤ ਕਰਦਾ ਹੈ, ਉਸ ਨੂੰ ਇਹ ਗੱਲ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ | ਅਸੀਂ ਕਾਨੂੰਨ ਦੇ ਸ਼ਾਸਨ ਵਿਚ ਰਹਿੰਦਿਆਂ ਭਾਰਤ ਸਰਕਾਰ ਨੂੰ ਲੈ ਕੇ ਆਪਣੇ ਭਾਈਵਾਲਾਂ ਨਾਲ ਜ਼ਿੰਮੇਦਾਰ ਤਰੀਕੇ ਨਾਲ ਅੱਗੇ ਵਧ ਰਹੇ ਹਾਂ | ਅਮਰੀਕਾ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਵਿਦੇਸ਼ ਮੰਤਰੀ ਬਲਿੰਕਨ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੀਟਿੰਗ ਵਿਚ ਨਿੱਝਰ ਦਾ ਮਾਮਲਾ ਉਠਾਉਣਗੇ | ਅਮਰੀਕਾ ਨੇ ਮਾਮਲੇ ਵਿਚ ਹੁਣ ਤੱਕ ਕੈਨੇਡਾ ਦਾ ਸਾਥ ਦਿੱਤਾ ਹੈ | ਭਾਰਤ ਸਰਕਾਰ ਨੂੰ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਹੋਣ ਦੀ ਜਾਂਚ ਵਿਚ ਭਾਰਤ ਸਾਡੀ ਮਦਦ ਕਰੇ |