ਜੰਗਲ ਰਾਜ

0
137

ਇਸ ਹਫ਼ਤੇ ਦੇ ਸ਼ੁਰੂ ਵਿੱਚ ਦੇਸ਼ ਦੇ ਦੋ ਰਾਜਾਂ ਵਿੱਚ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਸਮਾਜ ਦੇ ਤੌਰ ‘ਤੇ ਮਰ ਚੁੱਕੇ ਹਾਂ | ਮੌਜੂਦਾ ਰਾਜਸੀ ਵਿਵਸਥਾ ਨੇ ਸਾਨੂੰ ਅਜਿਹੀ ਸਥਿਤੀ ਵਿੱਚ ਪੁਚਾ ਦਿੱਤਾ ਹੈ, ਜਿੱਥੇ ਪਹੁੰਚ ਕੇ ਅਸੀਂ ਮਨੁੱਖ ਕਹਾਉਣ ਦੇ ਵੀ ਹੱਕਦਾਰ ਨਹੀਂ ਰਹੇ |
ਪਹਿਲੀ ਘਟਨਾ ਮੱਧ ਪ੍ਰਦੇਸ਼ ਦੀ ਹੈ, ਜਿਸ ਦੇ ਧਾਰਮਿਕ ਸ਼ਹਿਰ ਦਾ ਲਬਾਦਾ ਪਹਿਨੇ ਹੋਏ ਉਜੈਨ ਵਿੱਚ ਇੱਕ 12 ਸਾਲਾ ਮੰਦਬੁੱਧੀ ਲੜਕੀ ਨਾਲ ਸੜਕ ਕੰਢੇ ਬਲਾਤਕਾਰ ਹੁੰਦਾ ਹੈ | ਅੱਧਨੰਗੀ ਉਹ ਕੁੜੀ 8 ਕਿਲੋਮੀਟਰ ਤੱਕ ਘਰ-ਘਰ ਮਦਦ ਮੰਗਦੀ ਦੌੜਦੀ ਰਹੀ, ਪਰ ਕਿਸੇ ਨੂੰ ਵੀ ਉਸ ‘ਤੇ ਰਹਿਮ ਨਾ ਆਇਆ | ਵਾਇਰਲ ਵੀਡੀਓ ਵਿੱਚ ਉਸ ਦੇ ਪ੍ਰਾਈਵੇਟ ਅੰਗ ਵਿੱਚੋਂ ਰਿਸਦਾ ਖੂਨ ਭਿਆਨਕ ਮੰਜਰ ਪੇਸ਼ ਕਰ ਰਿਹਾ ਸੀ | ਉਸ ਦੀ ਇਹ ਹਾਲਤ ਧਰਮ ਨਗਰੀ ਦੇ ਕਿਸੇ ਵੀ ਧਰਮੀ ਦੀ ਸੰਵੇਦਨਾ ਨਹੀਂ ਜਗਾ ਸਕੀ, ਕਿਉਂਕਿ ਉਹ ਸਭ ਤਾਂ ਤੁਰਦੀਆਂ ਫਿਰਦੀਆਂ ਲਾਸ਼ਾਂ ਬਣ ਚੁੱਕੇ ਸਨ |
ਇਸ ਵੇਲੇ ਜਦੋਂ ਸੰਸਦ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਦੇ ਰਾਗ ਦੀ ਧੁਨ ਉੱਤੇ ਸੱਤਾ ਪ੍ਰਾਪਤੀ ਦਾ ਸੰਗੀਤ ਗਲੀ ਗਲੀ ਵਿੱਚ ਗੂੰਜ ਰਿਹਾ ਹੈ, ਇੱਕ ਮਾਸੂਮ ਕੁੜੀ ਨਾਲ ਵਾਪਰੀ ਹੈਵਾਨੀਅਤ ਨੇ ਸਮੁੱਚੀ ਵਿਵਸਥਾ ਦੇ ਕੋਹੜ ਤੋਂ ਪਰਦਾ ਚੁੱਕ ਦਿੱਤਾ ਹੈ | ਅਸਲ ਵਿੱਚ 20 ਸਾਲ ਦੇ ਹਿੰਦੂਤਵੀ ਰਾਜ ਨੇ ਉਸ ਸੂਬੇ ਨੂੰ ਜੰਗਲੀ ਸਮਾਜ ਵਿੱਚ ਬਦਲ ਦਿੱਤਾ ਹੈ | ਰਾਜ ਦੇ ਮੁਖੀ ਮਾਮਾ ਦੇ ਰਾਜ ਵਿੱਚ ਭਾਣਜੀਆਂ ਦਾ ਕੀ ਹਾਲ ਹੈ, ਇਸ ਇੱਕੋ ਘਟਨਾ ਨੇ ਸਾਹਮਣੇ ਲੈ ਆਂਦਾ ਹੈ |
ਸੂਬੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ | ਕਦੇ ਕਿਸੇ ਭਾਜਪਾ ਨੇਤਾ ਦਾ ਦਬੰਗ ਹਮੈਤੀ ਕਿਸੇ ਦਲਿਤ ਦੇ ਮੂੰਹ ਉੱਤੇ ਪੇਸ਼ਾਬ ਕਰ ਦਿੰਦਾ ਹੈ ਤੇ ਕਦੇ ਕਿਸੇ ਆਦਿਵਾਸੀ ਨੂੰ ਚਪਲਾਂ ਨਾਲ ਕੁੱਟ ਦਿੰਦਾ ਹੈ | ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਵੀ ਸੂਬਾ ਅੱਵਲ ਹੈ | ਹਰ ਰੋਜ਼ ਔਸਤਨ 8 ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ | ਸ਼ਿਵਰਾਜ ਮਾਮੇ ਦੇ ਰਾਜ ਦੌਰਾਨ 58 ਹਜ਼ਾਰ ਬਲਾਤਕਾਰ ਤੇ 68 ਹਜ਼ਾਰ ਔਰਤਾਂ ਅਗਵਾ ਹੋ ਚੁੱਕੀਆਂ ਹਨ | ਸੂਬੇ ਵਿੱਚ ਜਰਵਾਣਿਆਂ ਦਾ ਰਾਜ ਹੈ |
ਦੂਜੀ ਘਟਨਾ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੈ, ਜਿੱਥੋਂ ਦੀ ਅਮਨ ਕਾਨੂੰਨ ਦੀ ਵਾਗਡੋਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੱਥ ਵਿੱਚ ਹੈ | ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਇੱਕ ਮੰਦਬੁੱਧੀ 26 ਸਾਲਾ ਨੌਜਵਾਨ ਦੀ ਕੁੱਟ ਕੁੱਟ ਕੇ ਇਸ ਲਈ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਸ ਉੱਤੇ ਪ੍ਰਸਾਦ ਚੋਰੀ ਕਰਕੇ ਖਾਣ ਦਾ ਦੋਸ਼ ਸੀ | ਪੁਲਸ ਨੇ ਦੱਸਿਆ ਕਿ 26 ਸਤੰਬਰ ਨੂੰ ਇੱਕ ਮੰਦਰ ਨੇੜੇ ਪ੍ਰਸ਼ਾਦ ਚੋਰੀ ਕਰਨ ਦੇ ਸ਼ੱਕ ਵਿੱਚ 26 ਸਾਲਾ ਮੁਹੰਮਦ ਈਸਾਰ ਨਾਂਅ ਦੇ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ | ਮੁਹੰਮਦ ਈਸਾਰ ਨੂੰ ਪਹਿਲਾਂ ਇੱਕ ਭਗਵਾਂ ਕੱਪੜੇ ਰਾਹੀਂ ਖੰਭੇ ਨਾਲ ਬੰਨਿ੍ਹਆ ਗਿਆ ਤੇ ਫਿਰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ | ਇਹ ਉਹੀ ਇਲਾਕਾ ਹੈ ਜਿੱਥੇ 2020 ਵਿੱਚ ਦੰਗਿਆਂ ਦੌਰਾਨ 53 ਵਿਅਕਤੀ ਮਾਰੇ ਗਏ ਸਨ | ਇਨ੍ਹਾਂ ਵਿੱਚ ਸਭ ਤੋਂ ਵੱਧ ਮੁਸਲਮਾਨ ਸਨ | ਪੁਲਸ ਨੇ ਦੋਸ਼ੀ ਬਣਾ ਕੇ ਗਿ੍ਫ਼ਤਾਰ ਵੀ ਇਸੇ ਵਰਗ ਦੇ ਲੋਕਾਂ ਨੂੰ ਕੀਤਾ ਸੀ |
ਪੁਲਸ ਅਧਿਕਾਰੀ ਨੇ ਦੱਸਿਆ ਕਿ ਆਰੰਭਕ ਜਾਂਚ ਤੋਂ ਪਤਾ ਲੱਗਾ ਕਿ ਮੁਹੰਮਦ ਈਸਾਰ ਮੰਦਬੁੱਧੀ ਸੀ | ਭੀੜ ਉਸ ਨੂੰ ਸਵਾਲ ਕਰਦੀ ਰਹੀ ਤੇ ਉਹ ਮੰਦਬੁੱਧੀ ਹੋਣ ਕਾਰਨ ਜਵਾਬ ਨਹੀਂ ਸੀ ਦੇ ਸਕਿਆ, ਜਿਸ ਕਾਰਨ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਏਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ |
‘ਦੀ ਟੈਲੀਗਰਾਫ’ ਨੇ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ, ਜੋ ਰੌਂਗਟੇ ਖੜ੍ਹੇ ਕਰਨ ਵਾਲ ਹੈ | ਵੀਡੀਓ ਵਿੱਚ ਦਿਸਦਾ ਹੈ ਕਿ ਈਸਾਰ ਨੂੰ ਇੱਕ ਭਗਵਾਂ ਕੱਪੜੇ ਨਾਲ ਬਿਜਲੀ ਦੇ ਖੰਭੇ ਨਾਲ ਬੰਨਿ੍ਹਆ ਹੋਇਆ ਹੈ | ਲੋਕ ਵਾਰੀ ਵਾਰੀ ਉਸ ਨੂੰ ਲਾਠੀਆਂ ਮਾਰ ਰਹੇ ਹਨ | ਉਹ ਦਰਦ ਨਾਲ ਰੋ ਰਿਹਾ ਹੈ | ਵੀਡੀਓ ਦਾ ਇੱਕ ਹਿੱਸਾ ਹਨੇਰੇ ਵਿੱਚ ਤੇ ਦੂਜਾ ਦਿਨ ਚਾਨਣ ਵਿੱਚ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਈਸ਼ਾਰ ਦੀ ਕੁੱਟਮਾਰ ਕਾਫ਼ੀ ਲੰਮੇ ਸਮੇਂ ਤੱਕ ਕੀਤੀ ਗਈ ਸੀ | ਇੱਕ ਵਿਅਕਤੀ ਨੂੰ ਇਸ ਤਰ੍ਹਾਂ ਕੁੱਟ ਕੁੱਟ ਕੇ ਮਾਰ ਦੇਣਾ ਸਮਾਜ ਵਿੱਚ ਸੰਵੇਦਨਹੀਣਤਾ ਦੇ ਪਸਾਰ ਦੀ ਨਿਸ਼ਾਨਦੇਹੀ ਹੈ | ਕੁੱਟਮਾਰ ਕਰਨ ਵਾਲਿਆਂ ਲਈ ਉਹ ਮਨੁੱਖ ਨਹੀਂ, ਮੁਸਲਮਾਨ ਸੀ | ਉਸ ਦਾ ਮਾਰਿਆ ਜਾਣਾ ਸਿਆਸਤ ਦੀ ਜ਼ਰੂਰਤ ਸੀ | ਅਪੰਗਾਂ ਦੇ ਹੱਕਾਂ ਲਈ ਬਣੀ ਸੰਸਥਾ ਦੇ ਜਨਰਲ ਸਕੱਤਰ ਮੁਰਲੀਧਰਨ ਨੇ ਈਸਾਰ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਅਪੰਗ ਵਿਅਕਤੀਆਂ ਨੂੰ ਧਾਰਮਿਕ ਅਧਾਰ ‘ਤੇ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਨੇ ਖ਼ਤਰਨਾਕ ਹਾਲਾਤ ਪੈਦਾ ਕਰ ਦਿੱਤੇ ਹਨ | ਅਪੰਗ ਵਿਅਕਤੀ ਨਾਲ ਵਾਪਰੀ ਇਸ ਸਾਲ ਦੀ ਇਹ ਤੀਜੀ ਘਟਨਾ ਹੈ | 25 ਫ਼ਰਵਰੀ ਨੂੰ ਬਿਹਾਰ ਦੇ ਸਮੱਸਤੀਪੁਰ ਵਿੱਚ ਮੰਦਬੁੱਧੀ ਮੁਹੰਮਦ ਫੈਆਜ਼ ਨੂੰ ਭੀੜ ਕੁੱਟ ਕੁੱਟ ਕੇ ਮਾਰ ਦਿੱਤਾ ਸੀ | ਇਸੇ ਤਰ੍ਹਾਂ ਹੀ ਬਿਹਾਰ ਦੇ ਹੀ ਸਾਰਣ ਜ਼ਿਲ੍ਹੇ ਵਿੱਚ 27 ਜੂਨ ਨੂੰ ਇੱਕ 55 ਸਾਲਾ ਅੰਗਹੀਣ ਟਰੱਕ ਡਰਾਈਵਰ ਜਹੀਰੂਦੀਨ ਨੂੰ ਗਊ ਰਾਖਿਆਂ ਦੀ ਭੀੜ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ | ਇਹ ਸਭ ਘਟਨਾਵਾਂ ਦੱਸਦੀਆਂ ਹਨ ਕਿ ਫਾਸ਼ੀ ਹਾਕਮ ਨੇ ਦੇਸ਼ ਨੂੰ ਜੰਗਲ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ |
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here