ਵਾਸ਼ਿੰਗਟਨ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਨੂੰ ਇੱਕ-ਦੂਜੇ ਨਾਲ ਗੱਲ ਕਰਨੀ ਹੋਵੇਗੀ ਅਤੇ ਦੇਖਣਾ ਹੋਵੇਗਾ ਕਿ ਉਹ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਮੌਤ ਬਾਰੇ ਆਪਸੀ ਮੱਤਭੇਦਾਂ ਨੂੰ ਕਿਵੇਂ ਸੁਲਝਾਉਂਦੇ ਹਨ। ਉਨ੍ਹਾ ਇਹ ਵੀ ਕਿਹਾ ਕਿ ਅੱਤਵਾਦ, ਕੱਟੜਵਾਦ ਅਤੇ ਚੋਣ ਦਖਲਅੰਦਾਜ਼ੀ ਦੇ ਸਭ ਤੋਂ ਵੱਡੇ ਮੁੱਦਿਆਂ ਨੂੰ ਹੱਲ ਕਰਨਾ ਹੋਵੇਗਾ। ਸ਼ਨੀਵਾਰ ਵਾਸ਼ਿੰਗਟਨ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਭਾਰਤ ਬਿ੍ਰਟਿਸ਼ ਕੋਲੰਬੀਆ ’ਚ 18 ਜੂਨ ਨੂੰ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟ ਦੀ ਸੰਭਾਵਤ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ਬਾਰੇ ਸੂਚਨਾ ’ਤੇ ਵਿਚਾਰ ਕਰਨ ਲਈ ਤਿਆਰ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੈਸ਼ੰਕਰ ਨੂੰ ਵੀਜ਼ਾ ਬੰਦ ਕਰਨ ਬਾਰੇ ਕਿਹਾ ਤਾਂ ਉਹਨਾ ਕਿਹਾਕੀ ਕਰਦੇ ਮਜਬੂਰੀ ਸੀ, ਸਾਡੇ ਰਾਜਨਾਇਕ ਵਣਜ ਦੂਤਾਵਾਸਾਂ ਖਿਲਾਫ਼ ਹਿੰਸਾ ਦਾ ਪ੍ਰਚਾਰ ਹੋ ਰਿਹਾ ਹੈ, ਉਹ ਕਿਸ ਤਰ੍ਹਾਂ ਵੀਜ਼ਾ ਸੰਬੰਧੀ ਅਤੇ ਦਫ਼ਤਰ ਜਾ ਕੇ ਕੰਮ ਕਰਦੇ, ਇਹ ਕਾਨੂੰਨ ਅਤੇ ਵਿਵਸਥਾ ਵਿਆਨਾ ਕਨਵੈਨਸ਼ਨ ਦਾ ਮੁੱਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤੀ ਅਤੇ ਕੈਨੇਡੀਅਨ ਸਰਕਾਰਾਂ ਇੱਕ-ਦੂਜੇ ਨਾਲ ਗੱਲ ਕਰਨਗੀਆਂ ਅਤੇ ਦੇਖਾਂਗੇ ਕਿ ਉਹ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ’ਤੇ ਆਪਣੇ ਮੱਤਭੇਦ ਕਿਸ ਤਰ੍ਹਾਂ ਸੁਲਝਾ ਸਕਦੀਆਂ ਹਨ। ਜੈਸ਼ੰਕਰ ਨੇ ਕਿਹਾਮੈਨੂੰ ਨਹੀਂ ਲੱਗਦਾ ਕਿ ਜੋ ਚਰਚਾ ਅੱਜਕੱਲ੍ਹ ਚੱਲ ਰਹੀ ਹੈ, ਉਹ ਪੂਰੇ ਸਿੱਖ ਭਾਈਚਾਰੇ ਦਾ ਪ੍ਰਤੀਨਿਧਤਾ ਕਰਦੀ ਹੈ। ਜੋ ਵੱਖਵਾਦ, ਅੱਤਵਾਦ ਦੀ ਗੱਲ ਕਰ ਰਹੇ ਹਨ, ਉਹ ਬਹੁਤ ਹੀ ਘੱਟ ਲੋਕ ਹਨ, ਜਿਨ੍ਹਾਂ ’ਤੇ ਸੰਬੰਧਤ ਸਰਕਾਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਸਾਨੂੰ ਪੂਰੇ ਭਾਈਚਾਰੇ ਦਾ ਮਾਮਲਾ ਨਹੀਂ ਮੰਨਣਾ ਚਾਹੀਦਾ। ਜੈਸ਼ੰਕਰ ਨੇ ਕੈਨੇਡਾ ’ਤੇ ਨਿਸ਼ਾਨਾ ਵੀ ਲਾਇਆ ਅਤੇ ਕਿਹਾ ਕਿ ਮੌਜੂਦਾ ਸਮੱਸਿਆ ਕੈਨੇਡੀਅਨ ਸਰਕਾਰ ਵੱਲੋਂ ਅੱਤਵਾਦ, ਕੱਟੜਪੰਥ ਅਤੇ ਹਿੰਸਾ ਨੂੰ ਛੋਟ ਦੇਣ ਦੇ ਚਲਦੇ ਹੋਈ।





