ਮੁੰਬਈ : ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਉਹ ਇਸ ਲੋਕ ਸਭਾ ਚੋਣਾਂ ’ਚ ਆਪਣੇ ਇਲਾਕੇ ’ਚ ਬੈਨਰ-ਪੋਸਟਰ ਨਹੀਂ ਲਾਉਣਗੇ। ਕਿਸੇ ਲਈ ਚਾਹ-ਪਾਣੀ ਦਾ ਇੰਤਜ਼ਾਮ ਵੀ ਨਹੀਂ ਕਰਨਗੇ। ਉਨ੍ਹਾ ਸਾਫ਼ ਕਿਹਾ ਕਿ ਮੈਂ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਾਂਗਾ, ਪਰ ‘ਮੈਂ ਨਾ ਖਾਊਂਗਾ ਅਤੇ ਨਾ ਕਿਸੇ ਨੂੰ ਖਾਨੇ ਦੂੰਗਾ।’ ਕੇਂਦਰੀ ਮੰਤਰੀ ਗਡਕਰੀ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ’ਚ ਸੀਮੈਂਟ ਨਾਲ ਬਣੀ ਸੜਕ ਦਾ ਉਦਘਾਟਨ ਕਰਨ ਆਏ ਸਨ। ਇੱਥੇ ਉਨ੍ਹਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਅਤੇ ਅਗਾਊਂ ਲੋਕ ਸਭਾ ਚੋਣਾਂ ਬਾਰੇ ਇਹ ਐਲਾਨ ਕੀਤਾ। ਉਨ੍ਹਾ ਕਿਹਾ ਕਿ ਤੁਮਕੋ ਮਾਲ-ਪਾਨੀ ਵੀ ਨਹੀਂ ਮਿਲੇਗਾ। ਲਕਸ਼ਮੀ (ਪੈਸੇ) ਦਰਸ਼ਨ ਨਹੀਂ ਹੋਣਗੇ। ਦੇਸੀ-ਵਿਦੇਸ਼ੀ (ਸ਼ਰਾਬ) ਵੀ ਨਹੀਂ ਮਿਲੇਗੀ।
ਇਸ ਤੋਂ ਪਹਿਲਾਂ ਜੁਲਾਈ ’ਚ ਨਿਤਿਨ ਨੇ ਇੱਕ ਕਿੱਸਾ ਸੁਣਾਉਂਦੇ ਹੋਏ ਕਿਹਾ ਸੀ ਕਿ ਉਨ੍ਹਾ ਇੱਕ ਵਾਰ ਚੋਣਾਂ ਦੌਰਾਨ ਵੋਟਰਾਂ ਨੂੰ ਮਟਨ ਉਪਲੱਬਧ ਕਰਾਇਆ ਸੀ, ਪਰ ਫਿਰ ਵੀ ਉਹ ਹਾਰ ਗਏ। ਉਨ੍ਹਾ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੋਟਰਾਂ ਪ੍ਰਤੀ ਵਿਸ਼ਵਾਸ ਅਤੇ ਪਿਆਰ ਪੈਦਾ ਕਰਕੇ ਚੋਣ ਜਿੱਤੀ ਜਾ ਸਕਦੀ ਹੈ। ਗਡਕਰੀ ਨੇ ਕਿਹਾਵੋਟਰ ਬਹੁਤ ਹੁਸ਼ਿਆਰ ਹਨ, ਉਨ੍ਹਾ ਨੂੰ ਹਰ ਉਮੀਦਵਾਰ ਤੋਂ ਚੋਣ ਸੌਗਾਤ ਮਿਲੀ ਹੈ। ਉਨ੍ਹਾ ਕਿਹਾ ਕਿ ਲੋਕ ਉਸ ਉਮੀਦਵਾਰ ਨੂੰ ਹੀ ਵੋਟ ਦਿੰਦੇ, ਜੋ ਉਨ੍ਹਾਂ ਨੂੰ ਲੱਗਦਾ ਕਿ ਉਨ੍ਹਾਂ ਲਈ ਸਹੀ ਹੈ। ਗਡਕਰੀ ਨੇ ਕਿਹਾ, ‘ਲੋਕ ਅਕਸਰ ਪੋਸਟਰ ਲਾ ਕੇ ਚੋਣ ਉਪਹਾਰ ਦੇ ਕੇ ਚੋਣ ਜਿੱਤਦੇ ਹਨ। ਹਾਲਾਂਕਿ ਮੈਂ ਇਸ ਰਣਨੀਤੀ ’ਚ ਵਿਸ਼ਵਾਸ ਨਹੀਂ ਕਰਦਾ। ਮੈਂ ਇੱਕ ਵਾਰ ਇੱਕ ਪ੍ਰਯੋਗ ਕੀਤਾ ਸੀ ਅਤੇ ਹਰੇਕ ਵੋਟਰ ਨੂੰ ਇੱਕ ਕਿਲੋ ਮਟਨ ਦਿੱਤਾ ਸੀ, ਪਰ ਅਸੀਂ ਚੋਣ ਹਾਰ ਗਏ। ਵੋਟਰ ਬਹੁਤ ਹੁਸ਼ਿਆਰ ਹਨ।’