ਜੰਮੂ : ਐਤਵਾਰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ‘ਚ ‘ਮੋਸਟ ਵਾਂਟੇਡ’ ਕਮਾਂਡਰ ਤਾਲਿਬ ਹੁਸੈਨ ਸਮੇਤ ਦੋ ਦਹਿਸ਼ਤਗਰਦਾਂ ਨੂੰ ਤੁਕਸੋਨ ਪਿੰਡ ਦੇ ਵਾਸੀਆਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ | ਤਾਲਿਬ ਹੁਸੈਨ ਰਾਜੌਰੀ ਜ਼ਿਲ੍ਹੇ ਦਾ ਵਸਨੀਕ ਹੈ, ਜਦਕਿ ਦੂਜਾ ਫੈਜ਼ਲ ਅਹਿਮਦ ਡਾਰ ਪੁਲਵਾਮਾ ਜ਼ਿਲ੍ਹੇ ਦਾ ਹੈ | ਤਾਲਿਬ ਰਾਜੌਰੀ ਜ਼ਿਲ੍ਹੇ ‘ਚ ਹਾਲ ਹੀ ਵਿਚ ਹੋਏ ਆਈ ਈ ਡੀ ਧਮਾਕਿਆਂ ਦਾ ਮਾਸਟਰ ਮਾਈਾਡ ਸੀ | ਇਨ੍ਹਾਂ ਪਾਸੋਂ ਦੋ ਏਕੇ 47 ਰਾਈਫਲਾਂ, 7 ਗ੍ਰੇਨਡ ਤੇ ਇਕ ਪਿਸਤੌਲ ਬਰਾਮਦ ਕੀਤੇ ਗਏ ਹਨ | ਤਾਲਿਬ ਭਾਜਪਾ ਦਾ ਸਰਗਰਮ ਮੈਂਬਰ ਰਿਹਾ ਹੈ ਤੇ ਉਸ ਨੇ ਦੋ ਮਹੀਨੇ ਪਹਿਲਾਂ ਹੀ ਭਾਜਪਾ ਦੇ ਜੰਮੂ ਪ੍ਰਾਂਤ ਦੇ ਆਈ ਟੀ ਤੇ ਸੋਸ਼ਲ ਮੀਡੀਆ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ | ਭਰੋਸੇਯੋਗ ਸੂਤਰਾਂ ਮੁਤਾਬਕ ਦੋਨੋਂ ਆਜੜੀ ਬਣ ਕੇ ਪਿੰਡ ਵਿਚ ਗਏ ਸਨ ਪਰ ਲੋਕਾਂ ਨੂੰ ਸ਼ੱਕ ਹੋ ਗਿਆ ਅਤੇ ਉਨ੍ਹਾਂ ਤਲਾਸ਼ੀ ਲਈ ਤਾਂ ਰਾਈਫਲਾਂ ਬਰਾਮਦ ਹੋਈਆਂ | ਐਡੀਸ਼ਨਲ ਡੀ ਜੀ ਪੀ ਮੁਕੇਸ਼ ਮੁਤਾਬਕ ਇਹ ਪੁਲਸ ਤੇ ਫੌਜ ਤੋਂ ਭੱਜਦੇ ਪਿੰਡ ‘ਚ ਗਏ ਸਨ | ਤਾਲਿਬ ਹੁਸੈਨ ਪਾਕਿਸਤਾਨ ਅਧਾਰਤ ਲਸ਼ਕਰ ਦਹਿਸ਼ਤਗਰਦ ਕਾਸਿਮ ਦੇ ਸੰਪਰਕ ਵਿਚ ਸੀ ਅਤੇ ਉਹ ਤਿੰਨ ਆਈ ਈ ਡੀ ਧਮਾਕਿਆਂ ਤੇ ਲੋਕਾਂ ਨੂੰ ਕਤਲ ਕਰਨ ਦੇ ਮਾਮਲਿਆਂ ਵਿਚ ਲੋੜੀਂਦਾ ਸੀ | ਦੋਨੋਂ ਦਹਿਸ਼ਤਗਰਦ ਪਾਕਿਸਤਾਨੀ ਹੈਾਡਲ ਸਲਮਾਨ ਦੇ ਸੰਪਰਕ ਵਿਚ ਵੀ ਸਨ | ਜੀ ਪੀ ਦਿਲਬਾਗ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਬਹਾਦਰੀ ਲਈ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਇਸੇ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪਿੰਡ ਵਾਸੀਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ |
ਦਹਿਸ਼ਤਗਰਦ ਦੇ ਭਾਜਪਾ ਵਿਚ ਰਹਿਣ ਕਾਰਨ ਪਾਰਟੀ ਦੀ ਬਦਨਾਮੀ ਹੋ ਰਹੀ ਹੈ | ਹਾਲ ਹੀ ਵਿਚ ਉਦੈਪੁਰ ਵਿਚ ਕਨ੍ਹਈਆ ਨੂੰ ਕਤਲ ਕਰਨ ਵਾਲੇ ਦੇ ਭਾਜਪਾ ਵਿਚ ਰਹਿਣ ਕਾਰਨ ਵੀ ਉਸ ਦੀ ਬਦਨਾਮੀ ਹੋਈ ਹੈ | ਭਾਜਪਾ ਘੱਟਗਿਣਤੀ ਮੋਰਚੇ ਦੇ ਪ੍ਰਧਾਨ ਸ਼ੇਖ ਬਸ਼ੀਰ ਨੇ ਕਿਹਾ ਕਿ ਤਾਲਿਬ ਕਾਫੀ ਚਿਰ ਭਾਜਪਾ ਵਿਚ ਰਿਹਾ, ਪਰ ਦੋ ਮਹੀਨੇ ਪਹਿਲਾਂ ਛੱਡ ਗਿਆ ਸੀ | ਨਿਊਜ਼ ਪੋਰਟਲ ਚਲਾਉਣ ਵਾਲੇ ਤਾਲਿਬ ਦੀ ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਣਾ ਨਾਲ ਫੋਟੋ ਵੀ ਸਾਹਮਣੇ ਆਈ ਹੈ | ਭਾਜਪਾ ਦੇ ਰਾਜੌਰੀ ਦੇ ਪ੍ਰਧਾਨ ਰਜਿੰਦਰ ਗੁਪਤਾ ਨੇ ਕਿਹਾ ਕਿ ਕੋਈ ਵੀ ਭਾਜਪਾ ਦਾ ਵਰਕਰ ਬਣ ਸਕਦਾ ਹੈ | ਪਾਰਟੀ ਵਧ ਰਹੀ ਹੈ ਤੇ ਕਈ ਲੋਕ ਇਸ ਵਿਚ ਸ਼ਾਮਲ ਹੋ ਰਹੇ ਹਨ | ਉਹ ਹਰੇਕ ਵਰਕਰ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ | ਹੋ ਸਕਦਾ ਹੈ ਕਿ ਉਸ ਨੇ ਭਾਜਪਾ ਆਗੂਆਂ ਨਾਲ ਤਸਵੀਰਾਂ ਲੁਹਾਈਆਂ ਹੋਣ |