ਜੋਹਾਨਸਬਰਗ : ਪਛੜ ਕੇ ਮਿਲੀ ਖਬਰ ਮੁਤਾਬਕ ਅਰਬਪਤੀ ਕਾਰੋਬਾਰੀ ਹਰਪਾਲ ਰੰਧਾਵਾ (60), ਉਨ੍ਹਾ ਦਾ ਪੁੱਤਰ ਆਮੇਰ ਕਬੀਰ ਸਿੰਘ ਰੰਧਾਵਾ (22) ਤੇ ਚਾਰ ਹੋਰ ਮਾਰੇ ਗਏ, ਜਦੋਂ ਉਨ੍ਹਾਂ ਦਾ ਨਿੱਜੀ ਜਹਾਜ਼ ਤਕਨੀਕੀ ਨੁਕਸ ਪੈਣ ਕਰਕੇ ਦੱਖਣ-ਪੱਛਮੀ ਜ਼ਿੰਬਾਬਵੇ ਵਿਚ ਮੁਰੋਵਾ ਹੀਰਿਆਂ ਦੀ ਖਾਣ ਕੋਲ ਡਿੱਗ ਗਿਆ। ਰਿਓਜ਼ਿਮ ਕੰਪਨੀ ਦੇ ਮਾਲਕ ਰੰਧਾਵਾ, ਜਿਹੜੇ ਸੋਨੇ, ਕੋਲੇ, ਨਿਕਲ ਤੇ ਤਾਂਬੇ ਦਾ ਕਾਫੀ ਵੱਡਾ ਕਾਰੋਬਾਰ ਚਲਾ ਰਹੇ ਸਨ, ਦੇ ਸਿੰਗਲ ਇੰਜਣ ਵਾਲੇ ਸੇਸਨਾ-206 ਜਹਾਜ਼ ਨੂੰ ਹਾਦਸਾ ਜ਼ਿੰਬਾਬਵੇ ਦੀ ਰਾਜਧਾਨੀ ਕੋਲ ਮਸ਼ਾਵਾ ਇਲਾਕੇ ਵਿਚ ਪੈਂਦੇ ਵਾਮਾਹਾਂਦੇ ਵਿਖੇ ਵਾਪਰਿਆ। ਰੰਧਾਵਾ ਦੀ ਕੰਪਨੀ ਦਾ ਮੁਰੋਵਾ ਹੀਰਿਆਂ ਦੀ ਖਾਣ ਵਿਚ ਵੀ ਹਿੱਸਾ ਹੈ। ਜ਼ਿੰਬਾਬਵੇ ਦੀ ਪੁਲਸ ਮੁਤਾਬਕ ਹਾਦਸਾ 29 ਸਤੰਬਰ ਨੂੰ ਸਵੇਰੇ ਸਾਢੇ 7 ਤੋਂ 8 ਵਜੇ ਦੇ ਵਿਚਾਲੇ ਹੋਇਆ। ਹਾਲਾਂਕਿ ਪੁਲਸ ਨੇ ਮਰਨ ਵਾਲਿਆਂ ਦੇ ਨਾਂਅ ਹਾਲੇ ਜਾਰੀ ਨਹੀਂ ਕੀਤੇ, ਪੱਤਰਕਾਰ ਤੇ ਫਿਲਮਸਾਜ਼ ਹੋਪਵੈੱਲ ਚਿਨੋਨੋ, ਜਿਸ ਨੇ ਖੁਦ ਨੂੰ ਰੰਧਾਵਾ ਦਾ ਦੋਸਤ ਦੱਸਿਆ ਹੈ, ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿਚ ਰੰਧਾਵਾ, ਉਨ੍ਹਾ ਦਾ ਪੁੱਤਰ ਤੇ ਚਾਰ ਹੋਰ ਮਾਰੇ ਗਏ ਹਨ।





