ਭਾਰਤ ਦੀ ਨਿਆਂ ਪ੍ਰਣਾਲੀ ਦੀ ਕਾਰਜ ਪ੍ਰਣਾਲੀ ਵਿੱਚ 2 ਜੁਲਾਈ ਦਾ ਦਿਨ ਇੱਕ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਜੋਂ ਜਾਣਿਆ ਜਾਵੇਗਾ | ਆਲਟ ਨਿਊਜ਼ ਦੇ ਸਹਿ-ਸੰਪਾਦਕ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਅਰਜ਼ੀ ‘ਤੇ ਦਿੱਲੀ ਦੀ ਇੱਕ ਅਦਾਲਤ ਵਿੱਚ 2 ਜੁਲਾਈ ਨੂੰ ਸੁਣਵਾਈ ਸੀ | ਇਸ ਸੁਣਵਾਈ ਦੌਰਾਨ ਅਦਾਲਤ ਨੇ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ | ਇਸ ਵਿੱਚ ਕੋਈ ਵੀ ਹੈਰਾਨ ਕਰਨ ਵਾਲੀ ਗੱਲ ਨਹੀਂ, ਕਿਉਂਕਿ ਦਿੱਲੀ ਪੁਲਸ ਨੇ ਮੁਹੰਮਦ ਜ਼ੁਬੈਰ ਵਿਰੁੱਧ 2018 ਦੇ ਟਵੀਟ ਮਾਮਲੇ ਦੇ ਨਾਲ-ਨਾਲ ਤਿੰਨ ਨਵੀਂਆਂ ਧਾਰਾਵਾਂ ਜੋੜ ਦਿੱਤੀਆਂ ਸਨ | ਇਨ੍ਹਾਂ ਵਿੱਚ ਬਦੇਸ਼ੀ ਚੰਦਾ ਲੈਣ ਦੇ ਦੋਸ਼ ਅਧੀਨ 35 ਐੱਫ਼ ਸੀ ਆਰ ਏ ਅਤੇ ਆਈ ਪੀ ਸੀ ਦੀ ਧਾਰਾ 201 ਤੇ 120 ਬੀ ਦੇ ਨਾਲ ਸਬੂਤ ਮਿਟਾਉਣ ਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਸ਼ਾਮਲ ਸਨ |
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਦਾਲਤ ਵੱਲੋਂ ਫ਼ੈਸਲਾ ਦੇਣ ਤੋਂ ਡੇਢ ਘੰਟਾ ਪਹਿਲਾਂ ਹੀ ਦਿੱਲੀ ਪੁਲਸ ਨੇ ਮੀਡੀਆ ਨੂੰ ਇਹ ਬਿਆਨ ਜਾਰੀ ਕਰ ਦਿੱਤਾ ਕਿ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ ਤੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ |
ਮੁਹੰਮਦ ਜ਼ੁਬੈਰ ਦੇ ਵਕੀਲ ਸਾਦਿਕ ਬੈਨਰਜੀ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਅਦਾਲਤ ਦੀ ਸੁਣਵਾਈ ਚੱਲ ਰਹੀ ਸੀ | ਜ਼ੁਬੈਰ ਵੱਲੋਂ ਉਸ ਨੇ ਬਹਿਸ ਸ਼ੁਰੂ ਕੀਤੀ | ਜਵਾਬ ਵਿੱਚ ਦਿੱਲੀ ਪੁਲਸ ਦੇ ਵਕੀਲ ਨੇ ਆਪਣੀਆਂ ਦਲੀਲਾਂ ਰੱਖੀਆਂ | ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਤੋਂ ਪਹਿਲਾਂ ਕਿ ਜੱਜ ਆਪਣਾ ਫੈਸਲਾ ਸੁਣਾਉਂਦਾ ਲੰਚ ਬਰੇਕ ਹੋ ਗਿਆ | ਲੰਚ ਖ਼ਤਮ ਹੋਣ ਤੋਂ ਪਹਿਲਾਂ ਹੀ ਦਿੱਲੀ ਪੁਲਸ ਨੇ ਆਪਣੇ ਵੱਲੋਂ ਹੀ ਅਦਾਲਤ ਦਾ ਫੈਸਲਾ ਸੁਣਾ ਦਿੱਤਾ ਤੇ ਮੀਡੀਆ ਵਿੱਚ ਇਹ ਖ਼ਬਰ ਆ ਗਈ ਕਿ ਜ਼ੁਬੈਰ ਦੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ | ਸਵਾਲ ਇਹ ਪੈਦਾ ਹੁੰਦਾ ਹੈ ਕਿ ਜੱਜ ਸਾਹਿਬ ਕੀ ਫ਼ੈਸਲਾ ਦੇਣਗੇ, ਇਸ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਕਿਵੇਂ ਮਿਲੀ? ਇਸ ਉੱਤੇ ਜ਼ੁਬੈਰ ਦੇ ਵਕੀਲ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਤਾਂ ਪਤਾ ਲੱਗਾ ਕਿ ਇਹ ਖ਼ਬਰ ਦਿੱਲੀ ਪੁਲਸ ਦੇ ਇੱਕ ਉੱਚ ਅਧਿਕਾਰੀ ਨੇ ਲੀਕ ਕੀਤੀ ਸੀ | ਜ਼ੁਬੈਰ ਦੇ ਵਕੀਲ ਨੇ ਕਿਹਾ ਕਿ ਜਿਸ ਸਮੇਂ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਦੀ ਖ਼ਬਰ ਨਸ਼ਰ ਹੋ ਰਹੀ ਸੀ, ਉਸ ਸਮੇਂ ਤੱਕ ਅਦਾਲਤ ਨੇ ਆਪਣਾ ਆਦੇਸ਼ ਵੀ ਨਹੀਂ ਸੁਣਾਇਆ ਸੀ | ਅਦਾਲਤ ਦਾ ਆਦੇਸ਼ ਆਉਣ ਤੋਂ ਪਹਿਲਾਂ ਅਜਿਹੀ ਖ਼ਬਰ ਲੀਕ ਹੋਣ ਦਾ ਮਾਮਲਾ ਬੇਹੱਦ ਨਿੰਦਣਯੋਗ ਹੈ | ਇਸ ਨਾਲ ਸਾਡੇ ਦੇਸ਼ ਵਿੱਚ ਅੱਜ ਕਾਨੂੰਨ ਦੇ ਰਾਜ ਦੀ ਕੀ ਸਥਿਤੀ ਹੈ, ਦਾ ਪਤਾ ਚਲਦਾ ਹੈ |
ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਭਾਵੇਂ ਇਸ ਮਾਮਲੇ ਵਿੱਚ ਆਪਣੀ ਗਲਤੀ ਮੰਨ ਲਈ ਹੈ, ਪਰ ਅਜਿਹੇ ਲੋਕ ਵੀ ਹਨ, ਜੋ ਇਸ ਨੂੰ ਗਲਤੀ ਨਹੀਂ ਸੋਚੀ-ਸਮਝੀ ਹਰਕਤ ਮੰਨ ਰਹੇ ਹਨ | ਇਸ ਘਟਨਾ ‘ਤੇ ਟਿੱਪਣੀ ਕਰਦਿਆਂ ਰਾਸ਼ਟਰੀ ਜਨਤਾ ਦਲ ਦੇ ਸਾਂਸਦ ਮਨੋਜ ਝਾਅ ਨੇ ਕਿਹਾ, ਹੁਣ ‘ਸਤਿਆਮੇਵ ਜੈਯਤੇ’ ਕਹਿਣਾ ਵੀ ਮੁਸ਼ਕਲ ਹੋ ਰਿਹਾ |