ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਫਰਜ਼ੀ ਵੀਡੀਓ ਨੂੰ ਲੈ ਕੇ ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਭਾਜਪਾ ਸੰਸਦ ਮੈਂਬਰ ਰਾਜਵਰਧਨ ਸਿੰਘ ਰਾਠੌਰ ਤੇ ਸੁੁਬ੍ਰਤ ਪਾਠਕ ਖਿਲਾਫ ਐੱਫ ਆਈ ਆਰ ਦਰਜ ਕੀਤੀ ਗਈ ਹੈ | ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਇਹ ਫਰਜ਼ੀ ਵੀਡੀਓ ਬਣਾਉਣ ਦਾ ਅਸਲ ਮੰਤਵ ਫਿਰਕੂ ਜਨੂੰਨ ਭੜਕਾੳਣਾ ਸੀ | ਪਾਰਟੀ ਦੇ ਮੀਡੀਆ ਵਿੰਗ ਤੇ ਪ੍ਰਚਾਰ ਟੀਮ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਐੱਫ ਆਈ ਆਰ ਉਪਰੋਕਤ ਦੋਵਾਂ ਸੰਸਦ ਮੈਂਬਰਾਂ ਤੇ ਤਿੰਨ ਹੋਰਨਾਂ ਖਿਲਾਫ ਦਰਜ ਕੀਤੀ ਗਈ ਹੈ | ਕਾਂਗਰਸ ਨੇ ਦਿੱਲੀ, ਝਾਰਖੰਡ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਯੂ ਪੀ ‘ਚ ਵੀ ਉਨ੍ਹਾਂ ਖਿਲਾਫ ਕੇਸ ਦਰਜ ਕੀਤੇ ਹਨ | ਕਾਬਿਲੇਗੌਰ ਹੈ ਕਿ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਪੱਤਰ ਲਿਖ ਕੇ ਰਾਹੁਲ ਗਾਂਧੀ ਖਿਲਾਫ ਫਰਜ਼ੀ ਖਬਰਾਂ ਦਾ ਪ੍ਰਚਾਰ-ਪਾਸਾਰ ਕਰਨ ਵਾਲੇ ਭਾਜਪਾ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ | ਰਮੇਸ਼ ਨੇ ਰਾਹੁਲ ਗਾਂਧੀ ਦਾ ਫਰਜ਼ੀ ਵੀਡੀਓ ਉਨ੍ਹਾਂ ਦੀਆਂ ਟਵਿੱਟਰ ਟਾਈਮ ਲਾਈਨਾਂ ਤੋਂ ਹਟਾਉਣ ਲਈ ਵੀ ਕਿਹਾ ਸੀ |