ਆਵਾਮ ਨੂੰ ਗੁਰੂਆਂ ਦੀ ਸੋਚ ’ਤੇ ਪਹਿਰਾ ਦੇਣਾ ਚਾਹੀਦੈ : ਬਰਾੜ

0
224

ਖਡੂਰ ਸਾਹਿਬ : ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ’ਤੇ ਗੁਰੂਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੀ ਪੀ ਆਈ ਵੱਲੋਂ ਗੁਰੂਆਂ ਦੀ ਧਰਤੀ ਖਡੂਰ ਸਾਹਿਬ ਵਿਖੇ ਵਿਸ਼ਾਲ ਕਾਨਫਰੰਸ ਕਿਸਾਨ ਆਗੂ ਦਰਸ਼ਨ ਸਿੰਘ ਬਿਹਾਰੀਪੁਰ, ਕੁਲਵੰਤ ਸਿੰਘ ਖਡੂਰ ਸਾਹਿਬ, ਹਰਜੀਤ ਕੌਰ ਫਤਿਹਾਬਾਦ ਤੇ ਮੇਜਰ ਸਿੰਘ ਦਾਰਾਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਨੂੰ ਉਚੇਚੇ ਤੌਰ ’ਤੇ ਸੰਬੋਧਨ ਕਰਨ ਲਈ ਪੁੱਜੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਗੁਰੂਆਂ ਦੀ ਸੋਚ ’ਤੇ ਪਹਿਰਾ ਦੇਣ ਨਾਲ ਹੀ ਹਿੰਦੁਸਤਾਨ ਦਾ ਆਵਾਮ ਖੁਸ਼ਹਾਲ ਹੋ ਸਕਦਾ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਮੁਗਲ ਹਾਕਮਾਂ ਦੀ ਲੁਟੇਰੀ ਤੇ ਜਾਬਰ ਹਕੂਮਤ ਵਿਰੁੱਧ ਲੁਕਾਈ ਨੂੰ ਲਾਮਬੰਦ ਕੀਤਾ ਤੇ ਮੁਗਲਾਂ ਦੇ ਜ਼ੁਲਮ ਤੇ ਤਸੀਹੇ ਝੱਲੇ, ਪਰ ਸਾਡੀ ਬਦਕਿਸਮਤੀ ਹੈ ਕਿ ਸਾਡਾ ਆਵਾਮ ਤੇ ਸਿਆਸੀ ਧਿਰਾਂ ਗੁਰੂਆਂ ਦੇ ਵਿਚਾਰਾਂ ਦੇ ਉਲਟ ਚੱਲ ਰਹੀਆਂ ਹਨ। ਇਸੇ ਕਰਕੇ ਹੀ ਦੇਸ਼ ਵਿੱਚ ਭਿ੍ਰਸ਼ਟਾਚਾਰ, ਭੁੱਖਮਰੀ, ਬੇਰੁਜ਼ਗਾਰੀ ਤੇ ਮਨੁੱਖ ਦੀ ਨਾਬਰਾਬਰੀ ਹੈ। ਇੱਕ ਪਾਸੇ ਗਰੀਬ ਲੋਕ ਰੋਟੀ ਨੂੰ ਤਰਸਦੇ ਹਨ, ਦੂਜੇ ਪਾਸੇ ਚੰਦ ਧਨਾਢ ਲੋਕ ਪੈਸੇ ਦੇ ਢੇਰ ’ਤੇ ਬੈਠੇ ਹਨ। ਬਰਾੜ ਨੇ ਕਿਹਾ ਕਿ ਦੇਸ਼ ਵਿੱਚ ਮੋਦੀ-ਸ਼ਾਹ ਦੀ ਫਿਰਕੂ, ਲੁਟੇਰੀ ਤੇ ਦੇਸ਼ ਦੀ ਦੌਲਤ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਵਾਲੀ ਨੀਤੀ ਵਿਰੁੱਧ 29 ਸਿਆਸੀ ਪਾਰਟੀਆਂ ਨੇ ‘ਇੰਡੀਆ’ ਨਾਂਅ ਦਾ ਫਰੰਟ ਬਣਾਇਆ ਹੈ ਤੇ ਸੀ ਪੀ ਆਈ ਉਸ ਦਾ ਹਿੱਸਾ ਹੈ। ਆਸ ਹੈ ਕਿ ਇਹ ਫਰੰਟ ਮੋਦੀ ਦੀ ਹਕੂਮਤ ਖਤਮ ਕਰਕੇ ਲੋਕ-ਪੱਖੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗਾ। ਇਸ ਲਈ ਪਾਰਟੀ ਮੈਂਬਰਾਂ ਤੇ ਹਮਦਰਦਾਂ ਨੂੰ ਉਕਤ ਫਰੰਟ ਦੀ ਸੋਚ ਆਧਾਰਤ ਸਰਗਰਮੀ ਕਰਨੀ ਤੇ ਵਧਾਉਣੀ ਚਾਹੀਦੀ ਹੈ। ਉਹਨਾ ਕਿਹਾ ਕਿ 2024 ਦੀਆਂ ਪਾਰਲੀਮੈਂਟ ਚੋਣਾਂ ਪੈਸੇ ਨਾਲ ਲੜੀਆਂ ਜਾਣੀਆਂ ਹਨ, ਇਸ ਕਰਕੇ ਪਾਰਟੀ ਮੈਂਬਰ ਤੇ ਹਮਦਰਦ ਏਧਰ ਖਾਸ ਤਵੱਜੋ ਦੇਣ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਮੁੱਖ ਸਲਾਹਕਾਰ ਜਗਰੂਪ ਨੇ ਕਿਹਾ ਕਿ ਨਰੇਗਾ ਕਾਨੂੰਨ ਬੜੇ ਸਿਰੜੀ ਸੰਘਰਸ਼ ਤੋਂ ਬਾਅਦ ਹੋਂਦ ਵਿੱਚ ਆਇਆ ਹੈ ਤੇ ਸਰਕਾਰ ਤੇ ਅਫਸਰਸ਼ਾਹੀ ਇਸ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਰਹੀ। ਇਸ ਕੰਮ ਵਿੱਚ ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਇਸ ਲਈ ਸਾਨੂੰ ਨਰੇਗਾ ਦੀ ਜਥੇਬੰਦੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਗਰੂਪ ਨੇ ਕਿਹਾ ਕਿ ਮੋਦੀ ਸਰਕਾਰ ਪਹਿਲਾਂ ਤਾਂ ਆਨੇ-ਬਹਾਨੇ ਕਿਰਤੀਆਂ ਕੋਲੋਂ ਇੱਕ ਦਿਨ ਵਿੱਚ 12 ਘੰਟੇ ਕੰਮ ਲੈਂਦੀ ਸੀ, ਹੁਣ ਕਾਨੂੰਨੀ ਤੌਰ ’ਤੇ ਹੀ 12 ਘੰਟੇ ਕੰਮ ਦਿਹਾੜੀ ਕਰ ਦਿੱਤੀ ਹੈ। ਇਹ ਸਰਾਸਰ ਕਿਰਤੀਆਂ ਨਾਲ ਧੱਕਾ ਹੈ। ਚਾਹੀਦਾ ਤਾਂ ਇਹ ਸੀ ਕਿ ਨਵੇਂ ਕਾਮਿਆਂ ਨੂੰ ਰੁਜ਼ਗਾਰ ਦੇਣ ਵਾਸਤੇ ਕੰਮ ਦਿਹਾੜੀ ਸਮਾਂ ਕਾਨੂੰਨ ਦੁਆਰਾ ਛੇ ਘੰਟੇ ਕੀਤਾ ਜਾਵੇ, ਪਰ ਹੋਇਆ ਇਸ ਦੇ ਉਲਟ ਹੈ। ਇਸ ਲਈ ਕਿਰਤੀਆਂ ਨੂੰ ਕਾਨੂੰਨ ਦੁਆਰਾ ਕੰਮ ਦਿਹਾੜੀ ਸਮਾਂ ਛੇ ਘੰਟੇ ਕਰਾਉਣ ਦਾ ਸੰਘਰਸ਼ ਲੜਨਾ ਚਾਹੀਦਾ ਹੈ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਜ਼ਿਲ੍ਹੇ ਦੇ ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਜਿਥੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਵਿਗਾਸ ਕੀਤਾ, ਉਥੇ ਔਰਤ ਜਾਤ ਦੀ ਮਹਾਨਤਾ ਨੂੰ ਪਹਿਚਾਣਦਿਆਂ ਮਾਤਾ ਖੀਵੀ ਦੇ ਨਾਂਅ ਲੰਗਰ ਚਲਾਇਆ। ਮਾਤਾ ਖੀਵੀ ਗੁਰੂ ਜੀ ਦੀ ਪਤਨੀ ਸੀ। ਲੰਗਰ ਦੀ ਸ਼ੁਰੂਆਤ ਕਰਨ ਵੇਲੇ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਸੰਗਤਾਂ ਨੂੰ ਲੰਗਰ ਵਰਤਾਇਆ। ਗੁਰੂ ਜੀ ਨੇ ਮੁਗਲ ਜ਼ਾਲਮਾਂ ਦਾ ਮੁਕਾਬਲਾ ਕਰਨ ਵਾਸਤੇ ਬੱਚਿਆਂ ਤੇ ਜੁਆਨੀ ਨੂੰ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਣ ਤੇ ਯੁੱਧ ਦੇ ਦਾਅ-ਪੇਚ ਸਿਖਾਉਣ ਲਈ ਘੋਲ ਕਰਨ ਦਾ ਅਖਾੜਾ ਬਣਾਇਆ ਹੋਇਆ ਸੀ। ਉਸ ਥਾਂ ’ਤੇ ਗੁਰਦੁਆਰਾ ਸਾਹਿਬ ਸਥਾਪਤ ਹੈ। ਕਾਨਫਰੰਸ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ, ਬਲਜੀਤ ਸਿੰਘ ਫਤਿਹਾਬਾਦ, ਗੁਰਚਰਨ ਸਿੰਘ ਕੰਢਾ, ਬਲਦੇਵ ਸਿੰਘ ਧੂੰਦਾ, ਜਗੀਰ ਸਿੰਘ ਭਰੋਵਾਲ, ਜਸਵੰਤ ਸਿੰਘ ਖਡੂਰ ਸਾਹਿਬ, ਕਸ਼ਮੀਰ ਸਿੰਘ ਗੋਇੰਦਵਾਲ, ਕਮਲਜੀਤ ਸਿੰਘ ਨਾਗੋਕੇ, ਭਗਵੰਤ ਸਿੰਘ, ਘੁੱਕ ਸਿੰਘ ਵੇਂਈਪੂਈਂ, ਕਸ਼ਮੀਰ ਸਿੰਘ ਖੁਆਸਪੁਰ, ਸੁਰਜੀਤ ਸਿੰਘ ਮੁਗਲਾਣੀ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਨਰੇਗਾ ਕੰਮ ਪੂਰਾ ਸਾਲ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਦੂਜਾ ਮਤਾ ਪਾਸ ਕੀਤਾ ਗਿਆ ਕਿ ਹੜ੍ਹਾਂ ਨਾਲ ਮਾਰੀਆਂ ਗਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਨਾ ਕਿ 6500 ਰੁਪਏ ਪ੍ਰਤੀ ਏਕੜ ਦੇ ਕੇ ਮਗਰੋਂ ਨਾ ਲਾਹਿਆ ਜਾਵੇ।

LEAVE A REPLY

Please enter your comment!
Please enter your name here