ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਵੱਲੋਂ 50,000 ਕਰੋੜ ਦੇ ਕਰਜ਼ੇ ਦੀ ਵਰਤੋਂ ਬਾਰੇ ਮੰਗਿਆ ਗਿਆ ਜਵਾਬ ਦੇ ਦਿੱਤਾ ਹੈ। ਉਨ੍ਹਾ ਰਾਜਪਾਲ ਨੂੰ ਤਿੰਨ ਪੰਨਿਆਂ ਦੇ ਪੱਤਰ ’ਚ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਚੀਜ਼ ’ਤੇ ਕਿੰਨਾ ਪੈਸਾ ਖਰਚ ਕੀਤਾ ਗਿਆ ਹੈ। ਇਹ ਵੀ ਦੱਸਿਆ ਕਿ ਪਿਛਲੀ ਸਰਕਾਰ ਨੇ ਕਰਜ਼ੇ ਤੇ ਸਬਸਿਡੀ ਦੇ ਕਿੰਨੇ ਪੈਸੇ ਵਾਪਸ ਨਹੀਂ ਕੀਤੇ ਸਨ, ਜੋ ਉਨ੍ਹਾ ਦੀ ਸਰਕਾਰ ਨੇ ਵਾਪਸ ਕਰ ਦਿੱਤੇ ਹਨ। ਰਾਜਪਾਲ ਨੂੰ ਇਹ ਵੀ ਕਿਹਾ ਹੈ ਕਿ ਹੁਣ ਕੇਂਦਰ ਸਰਕਾਰ ਵੱਲੋਂ ਰੋਕੇ ਗਏ 5630 ਕਰੋੜ ਰੁਪਏ ਦੇ ਪੇਂਡੂ ਵਿਕਾਸ ਫੰਡ ਲੈ ਕੇ ਦਿਓ। ਮੁੱਖ ਮੰਤਰੀ ਨੇ ਰਾਜਪਾਲ ਨੂੰ ਦੱਸਿਆ ਕਿ 1 ਅਪ੍ਰੈਲ 2022 ਤੋਂ 31 ਅਗਸਤ 2023 ਤੱਕ 47107 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਇਸ ਵਿਚ ਨਾਬਾਰਡ ਦਾ ਕਰਜ਼ਾ ਵੀ ਸ਼ਾਮਲ ਹੈ, ਜੋ ਭਾਰਤ ਸਰਕਾਰ ਵੱਲੋਂ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ ਵਜੋਂ ਦਿੱਤਾ ਜਾਂਦਾ ਹੈ।
ਲਏ ਕਰਜ਼ ਤੇ ਖਰਚ ਦਾ ਵੇਰਵਾ
1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਲਿਆ ਗਿਆ ਕਰਜਾ : 32447.12 ਕਰੋੜ ਰੁਪਏ, ਵਿਆਜ 19905 ਕਰੋੜ, ਪੂੰਜੀ ਖਰਚ 8435 ਕਰੋੜ ਰੁਪਏ, ਪਿਛਲੀਆਂ ਸਰਕਾਰਾਂ ਦੇ ਬਕਾਏ : ਪਨਸਪ ਦਾ ਬੇਲਆਊਟ (ਸੰਕਟ ਵਿੱਚੋਂ ਕੱਢਣਾ) 350 ਕਰੋੜ, ਪੀ ਐੱਸ ਸੀ ਏ ਡੀ ਬੀ ਦਾ ਬੇਲਆਊਟ 798 ਕਰੋੜ, ਆਰ ਡੀ ਐੱਫ ਦਾ ਬੇਲਆਊਟ 300 ਕਰੋੜ, ਬਿਜਲੀ ਸਬਸਿਡੀ ਦੇ ਬਕਾਏ 1804 ਕਰੋੜ, ਸਿੰਕਿੰਗ ਫੰਡ ਵਿਚ ਨਿਵੇਸ਼ 3000 ਕਰੋੜ, ਗੰਨਾ ਕਿਸਾਨਾਂ ਦੇ ਬਕਾਏ 724 ਕਰੋੜ, ਕੇਂਦਰੀ ਸਕੀਮਾਂ ਦੇ ਬਕਾਏ 1750 ਕਰੋੜ (ਕੁਲ 37066 ਕਰੋੜ)।
1 ਅਪ੍ਰੈਲ 2023 ਤੋਂ 31 ਅਗਸਤ 2023 ਤੱਕ ਪਿਛਲੀਆਂ ਸਰਕਾਰਾਂ ਦੇ ਬਕਾਏ 11464 ਕਰੋੜ।
ਮੁੱਖ ਮੰਤਰੀ ਨੇ ਕਿਹਾ ਕਿ ਲਏ ਗਏ ਕੁਲ ਕਰਜ਼ੇ ’ਚੋਂ 27016 ਕਰੋੜ ਰੁਪਏ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ਿਆਂ ਦੇ ਵਿਆਜ ਦੀ ਅਦਾਇਗੀ ਕਰਨ ’ਚ ਹੀ ਖਰਚ ਕੀਤੇ ਗਏ ਹਨ, ਜਦੋਂਕਿ ਅਸੀਂ ਕਰਜ਼ਾ ਲੈ ਕੇ ਨਾ ਸਿਰਫ ਉਨ੍ਹਾਂ ਨੂੰ ਮੋੜਿਆ ਹੈ, ਸਗੋਂ ਆਪਣੀ ਆਮਦਨ ਦੇ ਸਰੋਤ ਵੀ ਵਧਾਏ ਹਨ, ਜਦੋਂਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਖਰਚੇ ਵਾਪਸ ਨਹੀਂ ਕੀਤੇ। ਅਸੀਂ ਸੂਬੇ ਦੀ ਆਮਦਨ ਵਧਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ।
ਰਾਜਪਾਲ ਨੂੰ ਲਿਖੇ ਪੱਤਰ ’ਚ ਮੁੱਖ ਮੰਤਰੀ ਨੇ ਸੂਬਾ ਸਰਕਾਰ ਦੀ ਆਮਦਨ ’ਚ ਵਾਧੇ ਬਾਰੇ ਵੀ ਵੇਰਵੇ ਦਿੰਦਿਆਂ ਕਿਹਾ ਕਿ ਸਾਲ 2022-23 ’ਚ ਜੀ ਐਸ ਟੀ 18128 ਕਰੋੜ ਰੁਪਏ ਸੀ, ਜੋ ਸਾਲ 2021-22 ’ਚ 15542 ਕਰੋੜ ਰੁਪਏ ਸੀ, ਯਾਨੀ 16.6 ਫੀਸਦੀ ਦੀ ਦਰ ਨਾਲ 2586 ਕਰੋੜ ਰੁਪਏ ਵਧਾਏ ਗਏ ਸਨ। ਇਸੇ ਤਰ੍ਹਾਂ ਆਬਕਾਰੀ ਤੋਂ 8437 ਕਰੋੜ ਰੁਪਏ ਇਕੱਠੇ ਕੀਤੇ ਗਏ, ਜਦੋਂਕਿ ਇਸ ਤੋਂ ਇਕ ਸਾਲ ਪਹਿਲਾਂ ਸਿਰਫ 6157 ਕਰੋੜ ਰੁਪਏ ਇਕੱਠੇ ਹੋਏ ਸਨ, ਯਾਨੀ ਸਾਡੀ ਸਰਕਾਰ ਨੇ 37 ਫੀਸਦੀ ਦੀ ਦਰ ਨਾਲ 2280 ਕਰੋੜ ਰੁਪਏ ਹੋਰ ਇਕੱਠੇ ਕੀਤੇ। ਵਾਹਨਾਂ ’ਤੇ ਟੈਕਸ ਤੋਂ 2674 ਕਰੋੜ ਰੁਪਏ ਪ੍ਰਾਪਤ ਹੋਏ, ਜਦਕਿ ਇਸ ਤੋਂ ਪਹਿਲਾਂ ਇਹ ਆਮਦਨ 2359 ਕਰੋੜ ਰੁਪਏ ਸੀ। ਮਤਲਬ 13 ਫੀਸਦੀ ਦਾ ਵਾਧਾ ਹੋਇਆ। ਸਟੈਂਪ ਪੇਪਰ ਅਤੇ ਰਜਿਸਟ੍ਰੇਸ਼ਨ ਤੋਂ 4227 ਕਰੋੜ ਰੁਪਏ ਇਕੱਠੇ ਹੋਏ, ਜੋ ਪਿਛਲੇ ਸਾਲ ਨਾਲੋਂ 919 ਕਰੋੜ ਰੁਪਏ ਵੱਧ ਹਨ।





