ਹਾਂਗਜ਼ੂ : ਭਾਰਤ ਨੇ ਸ਼ੁੱਕਰਵਾਰ ਜਾਪਾਨ ਨੂੰ 5-1 ਦੇ ਵੱਡੇ ਫਰਕ ਨਾਲ ਹਰਾ ਕੇ ਮਰਦਾਂ ਦਾ ਏਸ਼ੀਅਨ ਗੇਮਜ਼ ਹਾਕੀ ਸੋਨ ਤਮਗਾ ਜਿੱਤ ਲਿਆ | ਇਸਦੇ ਨਾਲ ਹੀ ਉਹ ਅਗਲੇ ਸਾਲ ਹੋਣ ਵਾਲੀ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰ ਗਿਆ | ਇਸਤੋਂ ਪਹਿਲਾਂ ਉਸਨੇ 2018 ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ | ਸੋਨੇ ਦਾ ਤਮਗਾ 2014 ਵਿਚ ਇੰਚੀਓਨ ਵਿਚ ਜਿੱਤਿਆ ਸੀ | ਭਾਰਤ ਦਾ ਏਸ਼ੀਅਨ ਗੇਮਜ਼ ਵਿਚ ਇਹ ਚੌਥਾ ਸੋਨ ਤਮਗਾ ਹੈ | ਭਾਰਤ ਵੱਲੋਂ ਮਨਪ੍ਰੀਤ ਸਿੰਘ ਨੇ 25ਵੇਂ, ਹਰਮਨਪ੍ਰੀਤ ਸਿੰਘ ਨੇ 32ਵੇਂ ਤੇ 59ਵੇਂ, ਅਮਿਤ ਰੋਹੀਦਾਸ ਨੇ 36ਵੇਂ ਤੇ ਅਭਿਸ਼ੇਕ ਨੇ 48ਵੇਂ ਮਿੰਟ ਵਿਚ ਗੋਲ ਕੀਤੇ | ਜਾਪਾਨ ਵੱਲੋਂ ਇਕਲੌਤਾ ਗੋਲ ਤਨਾਕਾ ਨੇ 51ਵੇਂ ਮਿੰਟ ਵਿਚ ਕੀਤਾ | ਪੁਰਸ਼ ਟੀਮ ਪਾਕਿਸਤਾਨ ਨੂੰ 61-14 ਤੇ ਮਹਿਲਾ ਟੀਮ ਨੇਪਾਲ ਨੂੰ 61-17 ਨਾਲ ਹਰਾ ਕੇ ਕਬੱਡੀ ਮੁਕਾਬਲਿਆਂ ਦੇ ਫਾਈਨਲ ‘ਚ ਪੁੱਜ ਗਈਆਂ |
ਸਾਲ ਬਾਅਦ ਮੁਕਾਬਲੇ ਦੀ ਕੁਸ਼ਤੀ ਵਿਚ ਵਾਪਸੀ ਕਰ ਰਹੇ ਭਾਰਤ ਦੇ ਬਜਰੰਗ ਪੂਨੀਆ ਨੂੰ ਫ੍ਰੀਸਟਾਈਲ 65 ਕਿਲੋ ਵਰਗ ਦੇ ਸੈਮੀਫਾਈਨਲ ਵਿਚ ਈਰਾਨ ਦੇ ਰਹਿਮਾਨ ਅਮੋਜ਼ਾਦਖਲੀਲੀ ਤੋਂ 1-8 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਹਮਵਤਨ ਅਮਨ ਸਹਿਰਾਵਤ ਦੇ ਨਾਲ ਉਹ ਕਾਂਸੀ ਦੇ ਤਮਗੇ ਦੀ ਦੌੜ ‘ਚ ਬਰਕਰਾਰ ਹੈ | ਬਜਰੰਗ, ਜਿਸ ਨੇ ਇਸ ਸਾਲ ਦਾ ਜ਼ਿਆਦਾਤਰ ਸਮਾਂ ਬਾਹਰ ਜਾਣ ਵਾਲੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਜ ਭੂਸ਼ਣ ਸ਼ਰਣ ਸਿੰਘ ਦੇ ਵਿਰੋਧ ‘ਚ ਬਿਤਾਇਆ, ਪੂਰੀ ਤਰ੍ਹਾਂ ਤਿਆਰ ਨਹੀਂ ਦਿਖਾਈ ਦਿੱਤਾ | ਉਸ ਨੇ ਦੋ ਆਸਾਨ ਜਿੱਤਾਂ ਨਾਲ ਸ਼ੁਰੂਆਤ ਕੀਤੀ, ਪਰ ਈਰਾਨੀ ਭਲਵਾਨ ਖਿਲਾਫ ਉਸ ਕੋਲ ਕੋਈ ਦਾਅ ਨਹੀਂ ਸੀ |