ਕਿਸਾਨ ਦੀ ਬਦਨਾਮੀ

0
191

ਅਸੰਬਲੀ ਚੋਣਾਂ ਲਈ ਭਾਜਪਾ ਨੇ ਆਪਣੀ ਰਣਨੀਤੀ ਤਹਿਤ ‘ਨਹੀਂ ਸਹੇਗਾ ਰਾਜਸਥਾਨ’ ਨਾਂਅ ਦੀ ਮੁਹਿੰਮ ਚਲਾਈ ਹੋਈ ਹੈ | ਇਸ ਦਾ ਉਦਘਾਟਨ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ 16 ਜੁਲਾਈ ਨੂੰ ਜੈਪੁਰ ਵਿਚ ਕੀਤਾ ਸੀ | ਇਸ ਮੁਹਿੰਮ ਤਹਿਤ ਪਾਰਟੀ ਕਾਂਗਰਸ ਦੀ ਗਹਿਲੋਤ ਸਰਕਾਰ ਦਾ ਵਿਰੋਧ ਕਰਨ ਤੇ ਆਮ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਥਾਂ-ਥਾਂ ਰੈਲੀਆਂ ਕਰ ਰਹੀ ਹੈ | ਇਕ ਅਗਸਤ ਨੂੰ ਜੈਪੁਰ ਵਿਚ ਸਰਕਾਰ ਦਾ ਮਹਾਘਿਰਾਓ ਕੀਤਾ ਗਿਆ | ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਹੋਕਾ ਦਿੱਤਾ ਸੀ | ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਭਾਜਪਾ ਨੇ ਕਈ ਨਾਅਰੇ ਘੜੇ ਹਨ-ਮਹਿਲਾਵਾਂ ‘ਤੇ ਅੱਤਿਆਚਾਰ ਨਹੀਂ ਸਹੇਗਾ ਰਾਜਸਥਾਨ, ਪੇਪਰ ਲੀਕ ਯੁਵਾ ਪ੍ਰੇਸ਼ਾਨ ਨਹੀਂ ਸਹੇਗਾ ਰਾਜਸਥਾਨ, ਕਿਸਾਨ ਬੇਹਾਲ ਨਹੀਂ ਸਹੇਗਾ ਰਾਜਸਥਾਨ ਅਦਿ-ਆਦਿ | ਕਿਸਾਨ ਵਾਲੇ ਨਾਅਰੇ ਨਾਲ ਇਸ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਨਾਲ ਜੁੜਿਆ ਇਕ ਪੋਸਟਰ ਜਾਰੀ ਕੀਤਾ, ਜਿਸ ‘ਤੇ ਲਿਖਿਆ ਸੀ-19 ਹਜ਼ਾਰ ਤੋਂ ਵੱਧ ਕਿਸਾਨਾਂ ਦੀਆਂ ਜ਼ਮੀਨਾਂ ਨਿਲਾਮ ਨਹੀਂ ਸਹੇਗਾ ਰਾਜਸਥਾਨ | ਇਸ ਪੋਸਟਰ ‘ਤੇ ਜੈਸਲਮੇਰ ਜ਼ਿਲ੍ਹੇ ਦੇ ਰਾਮਦੇਵਰਾ ਦੇ ਜਿਸ ਕਿਸਾਨ ਮਾਥੂ ਰਾਮ ਜੈਪਾਲ (70) ਦੀ ਤਸਵੀਰ ਲਾਈ ਸੀ, ਉਸ ਨੇ ਕਿਹਾ ਹੈ ਕਿ ਉਸ ਦੀ ਤਾਂ ਕੋਈ ਜ਼ਮੀਨ ਨਿਲਾਮ ਨਹੀਂ ਹੋਈ, ਭਾਜਪਾ ਨੇ ਉਸ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ | ਉਸ ‘ਤੇ ਨਾ ਕੋਈ ਕਰਜ਼ਾ ਹੈ ਤੇ ਨਾ ਉਸ ਦੀ ਜ਼ਮੀਨ ਨਿਲਾਮ ਹੋਈ, ਉਹ 200 ਵਿਘੇ ਦਾ ਮਾਲਕ ਹੈ | ਮਾਥੂ ਰਾਮ ਨੇ ਦੱਸਿਆ ਕਿ ਜੈਪੁਰ ਗਏ ਪਿੰਡ ਦੇ ਨੌਜਵਾਨ ਨੇ ਵੱਟਸਐਪ ‘ਤੇ ਉਥੇ ਲੱਗੇ ਉਸ ਦੇ ਪੋਸਟਰਾਂ ਦੀ ਤਸਵੀਰ ਉਸ ਦੇ ਮੁੰਡੇ ਨੂੰ ਘੱਲੀ | ਮਾਥੂ ਰਾਮ ਨੇ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਦੋ ਮੁੰਡੇ ਪਿੰਡ ਆਏ ਸੀ | ਉਨ੍ਹਾਂ ਕੋਲ ਵੱਡੇ-ਵੱਡੇ ਕੈਮਰੇ ਸਨ | ਉਨ੍ਹਾਂ ਕਿਹਾ ਸੀ ਕਿ ਉਹ ਖਰਾਬ ਫਸਲਾਂ ਦੀ ਰਿਪੋਰਟ ਬਣਾਉਣ ਆਏ ਹਨ, ਜਿਸ ਤੋਂ ਬਾਅਦ ਸਰਕਾਰ ਮੁਆਵਜ਼ਾ ਦੇਵੇਗੀ | ਉਹ ਉਸ ਦੀ ਫੋਟੋ ਲੈ ਗਏ | ਮਾਥੂ ਰਾਮ ਦੇ ਤਿੰਨ ਬੇਟੇ ਹਨ | ਨਾਲ ਰਹਿੰਦੇ ਛੋਟੇ ਬੇਟੇ ਜੁਗਤਾ ਰਾਮ ਦਾ ਕਹਿਣਾ ਹੈ ਕਿ ਪਿਤਾ ਰੋਜ਼ ਪੁੱਛਦੇ ਹਨ ਕਿ ਪੋਸਟਰ ਵਿੱਚੋਂ ਫੋਟੋ ਹਟੀ ਕਿ ਨਹੀਂ | ਉਹ ਕਾਫੀ ਟੈਂਸ਼ਨ ਵਿਚ ਰਹਿੰਦੇ ਹਨ |
ਭਾਜਪਾ ਵੱਲੋਂ ਆਪਣੇ ਪੋਸਟਰਾਂ ਵਿਚ ਕਿਸੇ ਨੂੰ ਪੁੱਛੇ ਬਿਨਾਂ ਉਸ ਦੀ ਤਸਵੀਰ ਵਰਤਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ | ਯੂ ਪੀ ਦੀ ਯੋਗੀ ਸਰਕਾਰ ਨੇ ਸਤੰਬਰ 2023 ਵਿਚ ਪੀ ਐੱਮ ਕਿਸਾਨ ਸੰਮਾਨ ਨਿਧੀ ਦੀ ਸਫਲਤਾ ਨਾਲ ਜੁੜਿਆ ਪੋਸਟਰ ਜਾਰੀ ਕੀਤਾ ਸੀ | ਇਸ ਵਿਚ ਵੀ ਇਕ ਕਿਸਾਨ ਦੀ ਫੋਟੋ ਲਾ ਕੇ ਲਿਖਿਆ ਸੀ-ਖਾਦ ਬੀਜ ਕੀ ਸੁਵਿਧਾ ਪਾਈ……ਪਾਈ-ਪਾਈ ਸੇ ਗਰੀਬ ਕੀ ਭਲਾਈ | ਬਾਅਦ ਵਿਚ ਕਿਸਾਨ ਹਰਨਾਮ ਸਿੰਘ ਨੇ ਕਿਹਾ ਕਿ ਪੋਸਟਰ ‘ਤੇ ਅੱਧਾ ਸੱਚ ਲਿਖਿਆ ਹੈ | ਅਜੇ ਸੂਬੇ ਵਿਚ ਕਿਸਾਨਾਂ ਦਾ ਕਾਫੀ ਕੰਮ ਹੋਣਾ ਰਹਿੰਦਾ ਹੈ | ਬਕਾਇਆ ਭੁਗਤਾਨ ਤੋਂ ਲੈ ਕੇ ਟਿਊਬਵੈੱਲਾਂ ਦੀ ਬਿਜਲੀ ਫਰੀ ਕਰਨ ਦਾ ਕੰਮ ਬਾਕੀ ਹੈ | ਉਸ ਦੀ ਫੋਟੋ ਤਾਂ ਲਾ ਦਿੱਤੀ, ਪਰ ਉਸ ਵੱਲੋਂ ਕਹੀ ਗੱਲ ਨਹੀਂ ਲਿਖੀ, ਆਪਣੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ | ਯੋਗੀ ਸਰਕਾਰ ਇਸ ਤਰ੍ਹਾਂ ਦੇ ਕੌਤਕ ਕਰਨ ਵਿਚ ਮਾਹਰ ਹੈ | ਸਤੰਬਰ 2021 ਵਿਚ ਵੀ ਇਸ ਨੇ ਇਕ ਕੌਮੀ ਅੰਗਰੇਜ਼ੀ ਅਖਬਾਰ ਵਿਚ ਇਸ਼ਤਿਹਾਰ ਛਪਵਾਇਆ ਸੀ, ਜਿਸ ਵਿਚ ਯੂ ਪੀ ਦੇ ਵਿਕਾਸ ਦੇ ਸੋਹਲੇ ਗਾਉਂਦਿਆਂ ਕੋਲਕਾਤਾ ਦੇ ਫਲਾਈਓਵਰ ਦੀ ਫੋਟੋ ਛਾਪ ਦਿੱਤੀ ਸੀ |

LEAVE A REPLY

Please enter your comment!
Please enter your name here