ਅਪ੍ਰੇਸ਼ਨ ‘ਆਇਰਨ ਸਵੋਰਡਸ’ ਲਾਂਚ

0
178

ਤੇਲ ਅਵੀਵ : ਇਜ਼ਰਾਇਲ ਨੇ ਯੁੱਧ ਦਾ ਐਲਾਨ ਕਰ ਦਿੱਤਾ ਹੈ। ਹਮਾਸ ਅੱਤਵਾਦੀਆਂ ਖਿਲਾਫ਼ ਅਪ੍ਰੇਸ਼ਨ ‘ਆਇਰਨ ਸਵੋਡਰਸ’ ਦਾ ਐਲਾਨ ਕੀਤਾ ਗਿਆ ਹੈ। ਇਜ਼ਰਾਇਲ ਦੀ ਹਵਾਈ ਫੌਜ ਨੇ ਗਾਜ਼ਾ ਪੱਟੀ ’ਚ ਕਈ ਸਥਾਨਾਂ ’ਤੇ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਰਜਨਾਂ ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ।
ਇਸ ਦੌਰਾਨ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਅਸੀਂ ਯੁੱਧ ’ਚ ਉੱਤਰ ਆਏ ਹਾਂ। ਹਮਾਸ ਨੇ ਇਜ਼ਰਾਇਲ ਅਤੇ ਉਸ ਦੇ ਨਾਗਰਿਕਾਂ ਖਿਲਾਫ਼ ਜਾਨਲੇਵਾ ਹਮਲਾ ਕੀਤਾ ਹੈ। ਉਨ੍ਹਾ ਕਿਹਾਸਭ ਤੋਂ ਪਹਿਲਾਂ ਫੌਜ ਨੂੰ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀਆਂ ਬਸਤੀਆਂ ਨੂੰ ਸਾਫ਼ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੱਡੇ ਪੱਧਰ ’ਤੇ ਹਥਿਆਰ ਇਕੱਠੇ ਕਰਨ ਲਈ ਕਿਹਾ ਹੈ। ਉਨ੍ਹਾ ਰਿਜ਼ਰਵ ਫੌਜ ਨੂੰ ਬੁਲਾਉਣ ਦਾ ਵੀ ਆਦੇਸ਼ ਦਿੱਤਾ ਹੈ। ਦੁਸ਼ਮਣ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ, ਜਿਸ ਬਾਰੇ ਉਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ। ਇਜ਼ਰਾਇਲ ਦੇ ਰੱਖਿਆ ਮੰਤਰੀ ਨੇ ਸ਼ਨੀਵਾਰ ਕਿਹਾ ਕਿ ਅੱਤਵਾਦੀ ਸਮੂਹ ਹਮਾਸ ਨੇ ਇਜ਼ਰਾਇਲ ਖਿਲਾਫ਼ ਯੁੱਧ ਛੇੜ ਦਿੱਤਾ ਹੈ। ਉਨ੍ਹਾ ਦਾਅਵਾ ਕੀਤਾ ਕਿ ਇਸ ਯੁੱਧ ’ਚ ਇਜ਼ਰਾਇਲ ਜਿੱਤੇਗਾ। ਤੇਲ ਅਵੀਵ ’ਚ ਇਜ਼ਰਾਇਲ ਫੌਜੀ ਦਫ਼ਤਰ ’ਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਯੋਵ ਗੈਲੇਂਟ ਨੇ ਚੇਤਾਵਨੀ ਦਿੱਤੀ ਕਿ ਹਮਾਸ ਨੇ ਸ਼ਨੀਵਾਰ ਸਵੇਰੇ ਦੱਖਣੀ ਅਤੇ ਮੱਧ ਇਜ਼ਰਾਇਲ ’ਚ ਰਾਕੇਟ ਹਮਲੇ ਕਰਕੇ ਵੱਡੀ ਗਲਤੀ ਕੀਤੀ ਹੈ।
ਵਿਵਾਦ ਦਾ ਕਾਰਨ
ਵੈੱਸਟ ਬੈਂਕ ਇਜ਼ਰਾਇਲ ਅਤੇ ਜਾਰਡਨ ਵਿਚਾਲੇ ਹੈ। ਇਜ਼ਰਾਇਲ ਨੇ ਇਸ ਨੂੰ 1967 ਦੇ ਯੁੱਧ ’ਚ ਆਪਣੇ ਕਬਜ਼ੇ ਵਿੱਚ ਲੈ ਲਿਆ, ਪਰ ਇਜ਼ਰਾਇਲ ਅਤੇ ਫਲਸਤੀਨ ਦੋਵੇਂ ਹੀ ਇਸ ਇਲਾਕੇ ’ਤੇ ਆਪਣਾ ਹੱਕ ਜਤਾਉਂਦੇ ਹਨ। ਗਾਜ਼ਾ ਪੱਟੀ ਵੀ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਕਾਰਨ ਹੈ। ਇਹ ਸਥਾਨ ਇਜ਼ਰਾਇਲ ਅਤੇ ਮਿਸਰ ਦੇ ਵਿਚਾਲੇ ਹੈ, ਜਿਸ ’ਤੇ ਹਮਾਸ ਦਾ ਕਬਜ਼ਾ ਹੈ। ਸਤੰਬਰ 2005 ’ਚ ਇਜ਼ਰਾਇਲ ਨੇ ਗਾਜ਼ਾ ਪੱਟੀ ਤੋਂ ਆਪਣੀ ਫੌਜ ਨੂੰ ਵਾਪਸ ਬੁਲਾ ਲਿਆ। ਉਸ ਦੇ ਦੋ ਸਾਲ ਬਾਅਦ 2007 ’ਚ ਇਜ਼ਰਾਇਲ ਨੇ ਇਸ ਇਲਾਕੇ ’ਤੇ ਪਾਬੰਦੀ ਲਾ ਦਿੱਤੀ। ਰਾਜਨੀਤਕ ਅਤੇ ਰਣਨੀਤਕ ਤੌਰ ’ਤੇ ਕਾਫ਼ੀ ਮਹੱਤਵਪੂਰਨ ਰਿਹਾ ਸੀਰੀਆ ਦਾ ਇੱਕ ਪਠਾਰ ‘ਗੋਲਨ ਹਾਈਟਸ’ ਵੀ ਦੋਵਾਂ ਦੇਸ਼ਾਂ ਵਿਚਾਲੇ ਯੁੱਧ ਦਾ ਕਾਰਨ ਬਣਦਾ ਰਿਹਾ ਹੈ। 1967 ਤੋਂ ਬਾਅਦ ਇਸ ’ਤੇ ਇਜ਼ਰਾਇਲ ਦਾ ਕਬਜ਼ਾ ਹੈ। ਇਸ ਵਿਵਾਦ ਅਤੇ ਕਬਜ਼ੇ ਨੂੰ ਲੈ ਕੇ ਕਈ ਵਾਰ ਸ਼ਾਂਤੀ ਗੱਲਬਾਤ ਹੋਈ, ਪਰ ਕੋਈ ਸਫ਼ਲਤਾ ਨਹੀਂ ਮਿਲੀ। ਇਸ ਤੋਂ ਇਲਾਵਾ ਪੂਰਬੀ ਯੇਰੂਸ਼ਲਮ ’ਚ ਨਾਗਰਿਕਤਾ ਨੂੰ ਲੈ ਕੇ ਦੋਹਰੀ ਨੀਤੀ ਵੀ ਦੋਵਾਂ ਦੇਸ਼ਾਂ ਦੇ ਵਿਵਾਦ ਦਾ ਕਾਰਨ ਰਹੀ ਹੈ, ਕਿਉਂਕਿ 1967 ’ਚ ਪੂਰਬੀ ਯੇਰੂਸ਼ਲਮ ’ਤੇ ਕਬਜ਼ੇ ਤੋਂ ਬਾਅਦ ਇਜ਼ਰਾਇਲ ਇੱਥੇ ਪੈਦਾ ਹੋਣ ਵਾਲੇ ਯਹੂਦੀ ਲੋਕਾਂ ਨੂੰ ਇਜ਼ਰਾਇਲੀ ਨਾਗਰਿਕ ਮੰਨਦਾ ਹੈ, ਪਰ ਇਸ ਇਲਾਕੇ ’ਚ ਪੈਦਾ ਹੋਏ ਫਲਸਤੀਨੀ ਲੋਕਾਂ ਨੂੰ ਕੁਝ ਸ਼ਰਤਾਂ ਦੇ ਨਾਲ ਇੱਥੇ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ।

LEAVE A REPLY

Please enter your comment!
Please enter your name here