ਹਾਂਗਜ਼ੂ : ਇੱਥੇ ਏਸ਼ੀਆਈ ਖੇਡਾਂ ਦੇ 14ਵੇਂ ਦਿਨ ਭਾਰਤੀ ਮਹਿਲਾ ਕਬੱਡੀ ਟੀਮ ਨੇ ਦੇਸ਼ ਲਈ ਇਤਿਹਾਸਕ ਸੋਨ ਤਮਗਾ ਜਿੱਤਿਆ। ਭਾਰਤੀ ਕਬੱਡੀ ਟੀਮ ਨੇ ਚੀਨੀ ਤਾਇਪੇ ਨੂੰ 26-25 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂਅ ਕੀਤਾ। ਭਾਰਤੀ ਮਹਿਲਾ ਕਬੱਡੀ ਟੀਮ ਦਾ ਇਹ ਤੀਜਾ ਖਿਤਾਬ ਹੈ। ਪਿਛਲੀ ਵਾਰ ਉਸ ਨੇ ਜਕਾਰਤਾ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸ ਦੀ ਖਿਤਾਬੀ ਜਿੱਤ ਨਾਲ ਭਾਰਤ ਨੇ ਪਹਿਲੀ ਵਾਰ ਏਸ਼ੀਆਈ ਖੇਡਾਂ ’ਚ ਤਗਮਿਆਂ ਦੇ ਤਿੰਨ ਅੰਕਾਂ ਨੂੰ ਛੂਹਿਆ। ਫਾਈਨਲ ਮੈਚ ’ਚ ਚੀਨੀ ਤਾਇਪੇ ਨੇ ਬਹੁਤ ਸਖਤ ਚੁਣੌਤੀ ਦਿੱਤੀ, ਪਰ ਭਾਰਤ ਇੱਕ ਅੰਕ ਨਾਲ ਜਿੱਤ ਗਿਆ। ਅੱਧੇ ਸਮੇਂ ਤੱਕ ਭਾਰਤ ਕੋਲ ਪੰਜ ਅੰਕਾਂ ਦੀ ਲੀਡ ਸੀ। ਭਾਰਤ ਲਈ ਪੂਜਾ ਨੇ ਕਈ ਅੰਕ ਹਾਸਲ ਕੀਤੇ। ਇਸ ਦੇ ਨਾਲ ਹੀ ਭਾਰਤੀ ਪੁਰਸ਼ਾਂ ਦੀ ਕਬੱਡੀ ਟੀਮ ਨੇ ਈਰਾਨ ਨੂੰ ਫਾਇਨਲ ’ਚ ਹਰਾ ਕੇ ਸੋਨੇ ਦਾ ਤਮਗਾ ਜਿੱਤ ਲਿਆ। ਭਾਰਤ ਨੇ ਈਰਾਨ ਨੂੰ 33-29 ਨਾਲ ਹਰਾਇਆ। ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸੈੱਟੀ ਨੇ ਏਸ਼ੀਆਈ ਖੇਡਾਂ ਦੇ ਪੁਰਸ਼ ਡਬਲਜ਼ ਬੈਡਮਿੰਟਨ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ। ਭਾਰਤੀ ਜੋੜੀ ਨੇ ਦੱਖਣੀ ਕੋਰੀਆ ਦੀ ਚੋਈ ਸੋਲਗਿਊ-ਕਿਮ ਵੋਂਹੋ ਜੋੜੀ ਨੂੰ 21-18, 21-16 ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ। ਭਾਰਤ ਦੇ ਖੇਡ ਇਤਿਹਾਸ ’ਚ ਇਹ ਦੂਜਾ ਮੌਕਾ ਹੈ, ਜਦ ਕਿਸੇ ਮਲਟੀ ਸਪੋਟਰਸ ਮੁਕਾਬਲੇ ’ਚ ਭਾਰਤ ਦੇ ਤਮਗਿਆਂ ਦੀ ਗਿਣਤੀ 100 ਦੇ ਪਾਰ ਪਹੁੰਚੀ। ਇਸ ਤੋਂ ਪਹਿਲਾਂ ਸਾਲ 2010 ’ਚ ਦਿੱਲੀ ’ਚ ਹੋਈਆਂ ਕਾਮਨਵੈਲਥ ਖੇਡਾਂ ’ਚ 101 ਤਮਗੇ ਹਾਸਲ ਕੀਤੇ ਸਨ। 17 ਸਾਲਾ ਤੀਰਅੰਦਾਜ਼ ਅਦਿਤੀ ਗੋਪੀਚੰਦ ਸਵਾਮੀ ਨੇ ਕਾਂਸੀ ਦਾ ਤਮਗਾ ਜਿੱਤਿਆ। ਉਸ ਨੇ ਇੰਡੋਨੇਸ਼ੀਆ ਦੀ ਫਲੀ ਰਤੀਹ ਨੂੰ 146-140 ਨਾਲ ਹਰਾਇਆ। ਇਸ ਤੋਂ ਬਾਅਦ ਤੀਰਅੰਦਾਜ਼ੀ ਕੰਪਾਊਂਡ ਮਹਿਲਾ ’ਚ ਸੋਨ ਤਮਗਾ ਜਿਊਤੀ ਸੁਰੇਖਾ ਨੇ ਕੋਰੀਆ ਦੀ ਐਸਓ ਚੋਵੈਨ ਨੂੰ 149-145 ਨਾਲ ਹਰਾਇਆ। ਫਿਰ ਵਰਲਡ ਚੈਂਪੀਅਨ ਪ੍ਰਵੀਨ ਓਜਸ ਨੇ ਕੰਪਾਊਂਡ ਪੁਰਸ਼ ਵਿਅਕਤੀਗਤ ਮੁਕਾਬਲੇ ’ਚ ਅਭਿਸ਼ੇਕ ਵਰਮਾ ਨੂੰ ਹਰਾਇਆ। ਖੇਡਾਂ ਦੇ ਮਹਿਲਾ ਹਾਕੀ ’ਚ ਭਾਰਤੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਏਸ਼ੀਆਈ ਖੇਡਾਂ ਦਾ ਕਿ੍ਰਕਟ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਅਤੇ ਰੁਤੂਰਾਜ ਗਾਇਕਵਾੜ ਦੀ ਅਗਵਾਈ ਵਾਲੀ ਟੀਮ ਨੂੰ ਉੱਚ ਰੈਂਕਿੰਗ ਕਾਰਨ ਜੇਤੂ ਐਲਾਨ ਦਿੱਤਾ ਗਿਆ। ਪਹਿਲਾਂ ਬੱਲੇਬਾਜੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਨੇ 18.2 ਓਵਰਾਂ ’ਚ ਪੰਜ ਵਿਕਟਾਂ ’ਤੇ 112 ਦੌੜਾਂ ਬਣਾਈਆਂ। ਇਸ ਤੋਂ ਬਾਅਦ ਲਗਾਤਾਰ ਮੀਂਹ ਪੈਣ ਕਾਰਨ ਖੇਡ ਨਹੀਂ ਹੋ ਸਕੀ।