ਚੰਡੀਗੜ੍ਹ : ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਮੌਨਸੂਨ ਦੌਰਾਨ ਹਰਿਆਣਾ ਦੇ ਕੁਰੂਕਸ਼ੇਤਰ ’ਚ ਔਸਤ ਨਾਲੋਂ ਦੁੱਗਣੀ ਬਾਰਸ਼ ਹੋਈ, ਜਦੋਂ ਕਿ ਪੰਜਾਬ ਦੇ ਤਰਨ ਤਾਰਨ ’ਚ 80 ਫੀਸਦੀ ਵੱਧ ਮੀਂਹ ਪਏ। ਮੌਨਸੂਨ 30 ਸਤੰਬਰ ਨੂੰ ਦੋਵਾਂ ਰਾਜਾਂ ਤੇ ਉਨ੍ਹਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਤੋਂ ਵਾਪਸੀ ਦੇ ਚਾਲੇ ਪਾ ਚੁੱਕਾ ਹੈ। ਦੋਵਾਂ ਰਾਜਾਂ ’ਚ ਜੁਲਾਈ ਮਹੀਨੇ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਕੁਝ ਹਿੱਸਿਆਂ ’ਚ ਹੜ੍ਹ ਆ ਗਏ ਸਨ। ਜੁਲਾਈ ਦੀ ਨਿਸਬਤ ਅਗਸਤ ਮਹੀਨੇ ਦੋਵਾਂ ਰਾਜਾਂ ’ਚ ਘੱਟ ਮੀਂਹ ਪਏ, ਹਾਲਾਂਕਿ ਸਮੁੱਚੀ ਔਸਤ ਅਨੁਸਾਰ ਮੌਨਸੂਨ ਦਾ ਮੀਂਹ ਆਮ ਵਾਂਗ ਸੀ। ਪੰਜਾਬ ’ਚ ਮੌਨਸੂਨ 25 ਜੂਨ ਨੂੰ ਕੁਝ ਹਿੱਸਿਆਂ ’ਚ ਪਹੁੰਚਿਆ ਅਤੇ 2 ਜੁਲਾਈ ਤੱਕ ਪੂਰੇ ਸੂਬੇ ਨੂੰ ਕਵਰ ਕਰ ਲਿਆ। ਇਸ ਸਾਲ ਮੌਨਸੂਨ ਸੀਜ਼ਨ (1 ਜੂਨ-ਸਤੰਬਰ 30) ਦੌਰਾਨ ਪੰਜਾਬ ’ਚ ਔਸਤਨ 438.8 ਮਿਲੀਮੀਟਰ ਦੇ ਮੁਕਾਬਲੇ 416.7 ਮਿਲੀਮੀਟਰ ਮੀਂਹ ਪਏ।
ਸਿੱਕਮ ’ਚ ਮੌਤਾਂ ਦੀ ਗਿਣਤੀ 32
ਗੰਗਟੋਕ : ਸਿੱਕਮ ’ਚ ਬੁੱਧਵਾਰ ਨੂੰ ਬਦਲ ਫਟਣ ਕਰਕੇ ਤੀਸਤਾ ਨਦੀ ਵਿਚ ਅਚਾਨਕ ਆਏ ਹੜ੍ਹਾਂ ਕਰਕੇ ਮਚੀ ਤਬਾਹੀ ਮਗਰੋਂ ਹੁਣ ਤੱਕ 9 ਫੌਜੀ ਜਵਾਨਾਂ ਸਣੇ 32 ਵਿਅਕਤੀਆਂ ਦੀਆਂ ਲਾਸ਼ਾਂ ਗਾਰ ਤੇ ਮਲਬੇ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਹਨ। ਸੌ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।




