ਪ੍ਰਯਾਗਰਾਜ : ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਨੇ ਐਤਵਾਰ ਭਾਰਤੀ ਏਅਰ ਫੋਰਸ ਦੇ 91ਵੇਂ ਦਿਹਾੜੇ ਮੌਕੇ ਨਵੇਂ ਝੰਡੇ ਤੋਂ ਪਰਦਾ ਹਟਾਇਆ। ਨਵਾਂ ਝੰਡਾ ਉਸੇ ਝੰਡੇ ਦੀ ਥਾਂ ਲਏਗਾ, ਜਿਸ ਨੂੰ ਸੱਤ ਦਹਾਕੇ ਪਹਿਲਾਂ ਅਪਣਾਇਆ ਗਿਆ ਸੀ। ਏਅਰ ਚੀਫ ਮਾਰਸ਼ਲ ਚੌਧਰੀ ਨੇ ਹਵਾਈ ਸੈਨਾ ਨੂੰ ਮੌਜੂਦਾ ‘ਗੁੰਝਲਦਾਰ’ ਤੇ ‘ਗਤੀਸ਼ੀਲ’ ਰਣਨੀਤਕ ਮਾਹੌਲ ਤੇ ਸੰਭਾਵੀ ਭਵਿੱਖੀ ਜੰਗਾਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੀ ਰਣਨੀਤੀ ’ਚ ਸੁਧਾਰ, ਸਰਬਪੱਖੀ ਸਮਰੱਥਾ ਨੂੰ ਵਧਾਉਣ ਅਤੇ ਲਚਕਦਾਰ ਮਾਨਸਿਕਤਾ ਵਿਕਸਤ ਕਰਨ ਦਾ ਸੱਦਾ ਦਿੱਤਾ। ਹਵਾਈ ਸੈਨਾ ਦੇ ਨਵੇਂ ਝੰਡੇ ਵਿਚ ਆਈ ਏ ਐੱਫ ਦਾ ਕਰੈਸਟ ਸੱਜੇ ਪਾਸੇ ਉਪਰਲੇ ਕਾਰਨਰ ’ਤੇ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜਲ ਸੈਨਾ ਨੇ ਬਸਤੀਵਾਦੀ ਅਤੀਤ ਨੂੰ ਤਿਆਗਦੇ ਹੋਏ ਆਪਣਾ ਝੰਡਾ ਬਦਲਿਆ ਸੀ।
ਸਾਲ ’ਚ ਦੋ ਵਾਰ ਬੋਰਡ ਪ੍ਰੀਖਿਆ ’ਚ ਬੈਠਣਾ ਲਾਜ਼ਮੀ ਨਹੀਂ
ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਐਤਵਾਰ ਕਿਹਾ ਕਿ ਸਾਲ ਵਿਚ ਦੋ ਵਾਰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਬੈਠਣਾ ਲਾਜ਼ਮੀ ਨਹੀਂ ਹੋਵੇਗਾ। ਉਨ੍ਹਾ ਕਿਹਾ ਕਿ ਵਿਦਿਆਰਥੀਆਂ ਵਿਚ ਡਰ ਕਾਰਨ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਅਜਿਹਾ ਕੀਤਾ ਜਾਵੇਗਾ। ਪ੍ਰਧਾਨ ਨੇ ਕਿਹਾ ਕਿ ‘ਡੰਮੀ ਸਕੂਲਾਂ’ ਦੇ ਮੁੱਦੇ ਨੂੰ ਨਜਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ’ਤੇ ਗੰਭੀਰ ਚਰਚਾ ਕਰਨ ਦਾ ਸਮਾਂ ਆ ਗਿਆ ਹੈ।
ਰਾਜਨਾਥ ਅੱਜ ਤੋਂ ਇਟਲੀ ਤੇ ਫਰਾਂਸ ਦੇ ਦੌਰੇ ’ਤੇ
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਤੋਂ ਚਾਰ ਰੋਜ਼ਾ (9 ਤੋਂ 12 ਅਕਤੂਬਰ) ਫੇਰੀ ਲਈ ਇਟਲੀ ਤੇ ਫਰਾਂਸ ਜਾਣਗੇ। ਵਿਦੇਸ਼ ਯਾਤਰਾ ਦੇ ਪਹਿਲੇ ਪੜਾਅ ਤਹਿਤ ਸਿੰਘ ਰੋਮ ਜਾਣਗੇ, ਜਿੱਥੇ ਉਹ ਆਪਣੇ ਇਤਾਲਵੀ ਹਮਰੁਤਬਾ ਗਿਡੋ ਕਿ੍ਰਸੈਟੋ ਨਾਲ ਗੱਲਬਾਤ ਕਰਨਗੇ। ਉਹ ਪੈਰਿਸ ’ਚ 5ਵੇਂ ਸਾਲਾਨਾ ਭਾਰਤ-ਫਰਾਂਸ ਰੱਖਿਆ ਸੰਵਾਦ ’ਚ ਆਪਣੇ ਫਰਾਂਸੀਸੀ ਹਮਰੁਤਬਾ ਸੇਬੈਸਟੀਅਨ ਲੀਕੋਰਨੂ ਨਾਲ ਸ਼ਿਰਕਤ ਕਰਨਗੇ।
ਅਫਗਾਨਿਸਤਾਨ ’ਚ ਭੁਚਾਲ ਕਾਰਨ 2000 ਮੌਤਾਂ
ਕਾਬੁਲ : ਪੱਛਮੀ ਅਫਗਾਨਿਸਤਾਨ ’ਚ ਸ਼ਨੀਵਾਰ ਆਏ ਜ਼ੋਰਦਾਰ ਭੁਚਾਲ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2000 ਨੂੰ ਪਹੁੰਚ ਗਈ ਹੈ। ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਕਿ 465 ਘਰ ਜ਼ਮੀਨਦੋਜ਼ ਹੋ ਗਏ ਤੇ 135 ਨੂੰ ਨੁਕਸਾਨ ਪੁੱਜਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾਕੁਝ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੇ ਖਦਸ਼ਿਆਂ ਦਰਮਿਆਨ ਤਲਾਸ਼ ਤੇ ਬਚਾਅ ਕਾਰਜ ਜਾਰੀ ਰਹਿਣ ਕਰਕੇ ਸਥਾਨਕ ਪ੍ਰਸ਼ਾਸਨ ਨੇ ਮਿ੍ਰਤਕਾਂ ਦੀ ਗਿਣਤੀ ਵਧਣ ਦਾ ਅਨੁਮਾਨ ਜਤਾਇਆ ਹੈ। ਭੁਚਾਲ ਤੇ ਉਸ ਮਗਰੋਂ ਆਏ ਝਟਕਿਆਂ ਦਾ ਸਭ ਤੋਂ ਵੱਧ ਅਸਰ ਹੇਰਾਤ ਸੂਬੇ ਦੇ ਜੇਂਦਾ ਜਨ ਜ਼ਿਲ੍ਹੇ ਦੇ ਚਾਰ ਪਿੰਡਾਂ ’ਤੇ ਪਿਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੁਚਾਲ ਦਾ ਕੇਂਦਰ ਹੇਰਾਤ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਉੱਤਰ-ਪੱਛਮ ’ਚ ਸੀ। ਇਸ ਮਗਰੋਂ 6.3, 5.9 ਤੇ 5.5 ਦੀ ਸ਼ਿੱਦਤ ਵਾਲੇ ਭੁਚਾਲ ਦੇ ਤਿੰਨ ਝਟਕੇ ਵੀ ਮਹਿਸੂਸ ਕੀਤੇ ਗਏ।