ਟਾਂਡਾ ਉੜਮੁੜ (ਉਂਕਾਰ ਸਿੰਘ)
ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਫੋਕਲ ਪੁਆਇੰਟ ਟਾਂਡਾ ਨਜ਼ਦੀਕ ਸੋਮਵਾਰ ਸਵੇਰੇ ਸੜਕ ਹਾਦਸੇ ਦੌਰਾਨ ਕਾਰ ਸਵਾਰ ਇੱਕ ਪਰਵਾਰ ਦੇ 3 ਲੋਕਾਂ ਦੀ ਮੌਤ ਹੋ ਗਈ | ਜਲੰਧਰ ਦੇ ਨਗੀਨਾ ਪਨਸਾਰੀ ਪਰਵਾਰ ਦੇ ਕਨਵ ਅੱਗਰਵਾਲ ਪਰਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸਨ, ਜਦੋਂ ਉਹ ਫੋਕਲ ਪੁਆਇੰਟ ਨਜ਼ਦੀਕ ਪੁੱਜੇ ਤਾਂ ਕਾਰ ਪੁਲੀ ਨਾਲ ਟਕਰਾਅ ਗਈ | ਗਰੇਟਰ ਕੈਲਾਸ਼ ਇਲਾਕੇ ਦੇ ਕਨਵ ਅੱਗਰਵਾਲ ਦੀ ਪਤਨੀ ਮਹਿਕ ਅੱਗਰਵਾਲ, ਧੀ ਵਰਿੰਦਾ ਅਤੇ ਮਾਂ ਰੇਨੂੰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਨਵ ਖੁਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਉਹਨਾ ਨੂੰ ਸਥਾਨਕ ਲੋਕਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਕਾਰ ‘ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ | ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ |