ਨਵੀਂ ਦਿੱਲੀ : ਅਮਰੀਕਾ ਅਧਾਰਤ ਉੱਘੇ ਅਕਾਦਮਿਸ਼ਨਾਂ ਨੋਅਮ ਚੌਮਸਕੀ ਤੇ ਰਾਜਮੋਹਨ ਗਾਂਧੀ ਜੇਲ੍ਹ ਵਿਚ ਡੱਕੇ ਮਨੁੱਖੀ ਅਧਿਕਾਰ ਕਾਰਕੁਨ ਉਮਰ ਖਾਲਿਦ ਦੀ ਹਮਾਇਤ ਵਿਚ ਨਿੱਤਰੇ ਹਨ | ਚੌਮਸਕੀ ਨੇ ਕਿਹਾ ਕਿ ਖਾਲਿਦ ਦਾ ਕੇਸ ਉਨ੍ਹਾਂ ਕਈ ਕੇਸਾਂ ਵਿਚੋਂ ਇਕ ਹੈ, ਜਿਹੜਾ ਦਮਨ ਦੇ ਦੌਰ ਵਿਚ ਭਾਰਤੀ ਨਿਆਂ ਪ੍ਰਣਾਲੀ ਅਤੇ ਭਾਰਤ ਦੀ ਮਾਣਮੱਤੀ ਸੈਕੂਲਰ ਜਮਹੂਰੀਅਤ ਨੂੰ ਤਬਾਹ ਕਰਨ ਦੇ ਵੱਡੇ ਪੈਮਾਨੇ ਦੇ ਸਰਕਾਰੀ ਯਤਨਾਂ ਦੇ ਹਿੱਸੇ ਵਜੋਂ ਅਜ਼ਾਦੀ ਉਤੇ ਰੋਕਾਂ ‘ਤੇ ਡਰਾਉਣੀ ਰੌਸ਼ਨੀ ਪਾਉਂਦਾ ਹੈ |
ਮੰਨੇ-ਪ੍ਰਮੰਨੇ ਭਾਸ਼ਾ ਵਿਗਿਆਨੀ ਤੇ ਬੁੱਧੀਜੀਵੀ ਚੌਮਸਕੀ ਨੇ ਆਪਣੇ ਵੀਡੀਓ ਸੁਨੇਹੇ ਵਿਚ ਕਿਹਾ—ਅਸੀਂ ਵਿਦਿਆਰਥੀ ਕਾਰਕੁਨ ਉਮਰ ਖਾਲਿਦ ਦੀ ਹਮਾਇਤ ਕਰਦੇ ਹਾਂ, ਜਿਸ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਨਾਗਰਿਕਤਾ ਰਜਿਸਟਰ ਵਰਗੇ ਵਿਤਕਰੇ ਭਰੇ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕੀਤੀ | ਉਸ ‘ਤੇ ਦਹਿਸ਼ਤਗਰਦੀ ਅਤੇ ਦੰਗੇ ਭੜਕਾਉਣ ਦੇ ਦੋਸ਼ ਲਾਏ ਗਏ ਹਨ, ਜਦਕਿ ਹਕੀਕਤ ਇਹ ਹੈ ਕਿ ਉਹ ਬੋਲਣ ਤੇ ਪ੍ਰੋਟੈੱਸਟ ਕਰਨ ਦੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰ ਰਿਹਾ ਸੀ, ਜੋ ਕਿ ਆਜ਼ਾਦ ਸਮਾਜ ਵਿਚ ਇਕ ਨਾਗਰਿਕ ਦਾ ਬੁਨਿਆਦੀ ਹੱਕ ਹੁੰਦਾ ਹੈ |
ਉਮਰ ਖਾਲਿਦ ਫਰਵਰੀ 2020 ਦੇ ਦਿੱਲੀ ਦੰਗਿਆਂ ਨਾਲ ਸੰਬੰਧਤ ਇਕ ਦਹਿਸ਼ਤੀ ਸਾਜ਼ਿਸ਼ ਦੇ ਕੇਸ ਵਿਚ 13 ਸਤੰਬਰ 2020 ਤੋਂ ਜ਼ੇਰੇ ਸਮਾਇਤ ਕੈਦੀ ਵਜੋਂ ਜੇਲ੍ਹ ਵਿਚ ਬੰਦ ਹੈ | ਸੈਸ਼ਨ ਕੋਰਟ ਨੇ ਅੱਠ ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ | ਹੁਣ ਉਸ ਦੀ ਜ਼ਮਾਨਤ ਦੀ ਅਰਜ਼ੀ ਦਿੱਲੀ ਹਾਈ ਕੋਰਟ ਅੱਗੇ ਹੈ | ਉਸ ਵਿਰੁੱਧ 2020 ਦੇ ਸਤੰਬਰ ਤੇ ਅਕਤੂਬਰ ਵਿਚ 17 ਹਜ਼ਾਰ ਤੋਂ ਵੱਧ ਸਫਿਆਂ ਦੀਆਂ ਦੋ ਚਾਰਜਸ਼ੀਟਾਂ ਦਾਖਲ ਕੀਤੀਆਂ ਗਈਆਂ, ਪਰ ਮੁਕੱਦਮਾ ਅਜੇ ਵੀ ਸ਼ੁਰੂ ਨਹੀਂ ਹੋਇਆ | ਪੁਲਸ ਨੇ ਚਾਰਜਸ਼ੀਟਾਂ ਦੀਆਂ ਕਾਪੀਆਂ ਮੁਲਜ਼ਮ ਨੂੰ ਦੇਣ ਲਈ ਛੇ ਮਹੀਨੇ ਹੋਰ ਲਾਏ, ਜਦਕਿ ਕਾਨੂੰਨ ਕਹਿੰਦਾ ਹੈ ਕਿ ਜਦੋਂ ਚਾਰਜਸ਼ੀਟ ਦਾਖਲ ਹੁੰਦੀ ਹੈ ਤਾਂ ਉਸ ਦੀ ਕਾਪੀ ਮੁਲਜ਼ਮ ਨੂੰ ਉਦੋਂ ਹੀ ਦਿੱਤੀ ਜਾਵੇ | ਸਿੱਟੇ ਵਜੋਂ ਉਸ ਨੂੰ ਆਪਣਾ ਜਵਾਬ ਦੇਣ ਲਈ ਕਈ ਮਹੀਨੇ ਉਡੀਕਣਾ ਪਿਆ |
ਚੌਮਸਕੀ ਨੇ ਕਿਹਾ—ਏਨੀ ਦੂਰ ਬੈਠਾ ਮੈਂ ਘਟਨਾਵਾਂ ਤੇ ਦੋਸ਼ਾਂ ਦਾ ਮੁਲੰਕਣ ਕਰਨ ਦੀ ਪੁਜ਼ੀਸ਼ਨ ਵਿਚ ਨਹੀਂ, ਪਰ ਭਾਰਤ ਦੀਆਂ ਆਜ਼ਾਦ ਸੰਸਥਾਵਾਂ ਤੇ ਨਾਗਰਿਕ ਹੱਕਾਂ ਦੀ ਆਜ਼ਾਦ ਪ੍ਰੈਕਟਿਸ ਉੱਤੇ ਛਾਪੇ ਸਾਫ ਨਜ਼ਰ ਆਉਂਦੇ ਹਨ | ਬਿ੍ਟਿਸ਼ ਰਾਜ ਤੋਂ ਬਾਅਦ ਭਾਰਤ ਵਿਚ ਕਾਇਮ ਹੋਈ ਸੈਕੂਲਰ ਜਮਹੂਰੀਅਤ ਨੂੰ ਆਧੁਨਿਕ ਕਾਲ ਦੀਆਂ ਮਹਾਨ ਪ੍ਰਾਪਤੀਆਂ ਵਿਚੋਂ ਇਕ ਮੰਨਿਆ ਗਿਆ ਸੀ | ਇਸ ਕਰਕੇ ਹਾਲੀਆ ਹਮਲੇ ਬਹੁਤ ਦੁੱਖ ਪਹੁੰਚਾਉਣ ਵਾਲੇ ਹਨ | ਅਸੀਂ ਸਾਰੇ ਸਿਰਫ ਆਸ ਕਰ ਸਕਦੇ ਹਾਂ ਕਿ ਕਈ ਨੌਜਵਾਨ ਕਾਰਕੁਨਾਂ ਦਾ ਨਿਆਂ ਦੀ ਆਜ਼ਾਦੀ ਲਈ ਸੰਘਰਸ਼ ਇਸ ਦੁਖਦਾਈ ਦੌਰ ਨੂੰ ਪੁੱਠਾ ਗੇੜਾ ਦੇਣ ਵਿਚ ਸਫਲ ਹੋਵੇਗਾ ਅਤੇ ਬਿਹਤਰ ਸੰਸਾਰ ਦੀ ਖੋਜ ਵਿਚ ਇਕ ਅਜਿਹੀ ਲੀਡਰਸ਼ਿਪ ਲਈ ਰਾਹ ਪਧਰਾਏਗਾ, ਜਿਹੜੀ ਭਾਰਤ ਦੀ ਅਮੀਰ ਤੇ ਪ੍ਰਭਾਵਸ਼ਾਲੀ ਰਵਾਇਤ ‘ਤੇ ਚਲਦਿਆਂ ਅਮਨ ਤੇ ਨਿਆਂ ਉੱਤੇ ਪਹਿਰਾ ਦੇਵੇਗੀ |
ਅਮਰੀਕਾ ਵਿਚ ਰਿਸਰਚ ਪ੍ਰੋਫੈਸਰ ਤੇ ਮਹਾਤਮਾ ਗਾਂਧੀ ਦੇ ਪੜਪੋਤੇ ਰਾਜਮੋਹਨ ਗਾਂਧੀ ਨੇ ਕਿਹਾ ਕਿ ਭਾਰਤ ਦੇ ਸ਼ਾਨਦਾਰ ਨੌਜਵਾਨ ਪੁੱਤਰ ਨੂੰ ਲਗਾਤਾਰ ਵੀਹ ਮਹੀਨਿਆਂ ਤੋਂ ਖਾਮੋਸ਼ ਕੀਤਾ ਹੋਇਆ ਹੈ | ਇਹ ਦੁਨੀਆ ਵਿਚ ਭਾਰਤ ਦੇ ਅਕਸ ‘ਤੇ ਧੱਬਾ ਹੈ ਅਤੇ ਭਾਰਤ ਦੀ ਪ੍ਰਗਤੀ ਵਿਚ ਰੁਕਾਵਟ | ਅਸੀਂ ਸਭ ਜਾਣਦੇ ਹਾਂ ਕਿ ਇਸ ਵੇਲੇ ਦੁਨੀਆ ਵਿਚ ਸਰਦਾਰੀ ਤੇ ਬਰਾਬਰੀ, ਤਾਨਾਸ਼ਾਹੀ ਤੇ ਜਮਹੂਰੀਅਤ ਅਤੇ ਜਬਰ ਤੇ ਮਨੁੱਖੀ ਗੈਰਤ ਵਿਚਾਲੇ ਸੰਘਰਸ਼ ਹੋ ਰਿਹਾ ਹੈ | ਭਾਰਤ ਇਸ ਸੰਘਰਸ਼ ਦੇ ਕੇਂਦਰ ਵਿਚ ਹੈ | ਉਮਰ ਖਾਲਿਦ ਅਤੇ ਉਸ ਵਾਂਗ ਗਲਤ ਢੰਗ ਨਾਲ ਫੜੇ ਹਜ਼ਾਰਾਂ ਹੋਰਨਾਂ ਲੋਕਾਂ ਦੀ ਇਕ ਹੋਰ ਦਿਨ ਵੀ ਨਜ਼ਰਬੰਦੀ ਦੁਨੀਆ ਵਿਚ ਜਮਹੂਰੀਅਤ, ਮਨੁੱਖੀ ਗੈਰਤ ਤੇ ਭਾਰਤ ਦੇ ਚੰਗੇ ਨਾਂਅ ਉਤੇ ਨਵਾਂ ਹਮਲਾ ਹੋਵੇਗਾ | (ਚੌਮਸਕੀ ਤੇ ਰਾਜਮੋਹਨ ਗਾਂਧੀ ਦੇ ਇਹ ਬਿਆਨ ਅਮਰੀਕਾ ਅਧਾਰਤ ਐੱਨ ਜੀ ਓ ‘ਹਿੰਦੂਸ ਫਾਰ ਹਿਊਮਨ ਰਾਈਟਸ’ ਨੇ ਜਾਰੀ ਕੀਤੇ ਹਨ |)