ਨਿਊਯਾਰਕ ਸਿਟੀ : ਕੈਨੇਡਾ ’ਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਚੀਨੀ ਕਮਿਊਨਿਸਟ ਪਾਰਟੀ ਦੇ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਗਾਉਂਦੇ ਹੋਏ ਸੁਤੰਤਰ ਬਲੌਗਰ ਜੈਨੀਫਰ ਜੇਂਗ ਨੇ ਕਿਹਾ ਹੈ ਕਿ ਅਜਿਹਾ ਕਰਕੇ ਚੀਨ ਦਾ ਮਕਸਦ ਭਾਰਤ ਅਤੇ ਪੱਛਮ ਵਿਚਕਾਰ ਵਿਵਾਦ ਪੈਦਾ ਕਰਨਾ ਸੀ। ਜੈਨੀਫਰ ਜੇਂਗ ਚੀਨ ’ਚ ਜਨਮੀ ਮਨੁੱਖੀ ਅਧਿਕਾਰ ਕਾਰਕੁੰਨ ਤੇ ਪੱਤਰਕਾਰ ਹੈ, ਜੋ ਇਸ ਵੇਲੇ ਅਮਰੀਕਾ ’ਚ ਰਹਿ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤੇ ਵੀਡੀਓ ’ਚ ਉਸ ਨੇ ਇਹ ਦੋਸ਼ ਲਗਾਇਆ ਗਿਆ ਹੈ ਕਿ ‘ਕਤਲ’ ਚੀਨੀ ਪਾਰਟੀ ਦੇ ਏਜੰਟਾਂ ਵੱਲੋਂ ਕੀਤਾ ਗਿਆ ਸੀ। ਬਲੌਗਰ ਨੇ ਦੋਸ਼ ਲਗਾਇਆ-18 ਜੂਨ ਨੂੰ ਬੰਦੂਕਾਂ ਨਾਲ ਲੈਸ ਏਜੰਟਾਂ ਨੇ ਨਿੱਝਰ ਦਾ ਪਿੱਛਾ ਕੀਤਾ ਤੇ ਹੱਤਿਆ ਕਰਨ ਬਾਅਦ ਉਨ੍ਹਾਂ ਨਿੱਝਰ ਦੀ ਕਾਰ ਵਿਚਲੇ ਡੈਸ਼ ਕੈਮਰੇ ਨੂੰ ਨਸ਼ਟ ਕਰ ਦਿੱਤਾ। ਅਪਰਾਧ ਕਰਨ ਤੋਂ ਬਾਅਦ ਏਜੰਟ ਭੱਜ ਗਏ। ਉਨ੍ਹਾਂ ਨੇ ਸਾਰੇ ਸਬੂਤਾਂ ਨੂੰ ਨਸ਼ਟ ਕਰਨ ਲਈ ਆਪਣੇ ਹਥਿਆਰ ਤੇ ਸਾਮਾਨ ਸਾੜ ਦਿੱਤਾ। ਅਗਲੇ ਦਿਨ ਉਹ ਹਵਾਈ ਜਹਾਜ਼ਾਂ ’ਚ ਕੈਨੇਡਾ ਛੱਡ ਗਏ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਕਾਤਲਾਂ ਨੇ ਜਾਣਬੁੱਝ ਕੇ ਭਾਰਤੀ ਲਹਿਜ਼ੇ ਵਾਲੀ ਅੰਗਰੇਜ਼ੀ ਵੀ ਸਿੱਖੀ ਸੀ।




