ਸ੍ਰੀਨਗਰ : ਕਾਰਗਿਲ ਵਿਚ ਲੱਦਾਖ ਆਟੋਨੋਮਸ ਹਿਲ ਡਿਵੈੱਲਪਮੈਂਟ ਕੌਂਸਲ ਦੀਆਂ ਚੋਣਾਂ ਵਿਚ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਗੱਠਜੋੜ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਤਕੜਾ ਝਟਕਾ ਦਿੱਤਾ ਹੈ। 26 ਸੀਟਾਂ ਵਿੱਚੋਂ ਨੈਸ਼ਨਲ ਕਾਨਫਰੰਸ 12 ਤੇ ਕਾਂਗਰਸ 10 ਸੀਟਾਂ ਜਿੱਤ ਗਈ। ਦੋ ਆਜ਼ਾਦ ਜਿੱਤੇ ਤੇ ਭਾਜਪਾ ਦੇ ਪੱਲੇ ਦੋ ਸੀਟਾਂ ਮਿਲੀਆਂ। 30 ਮੈਂਬਰੀ ਕੌਂਸਲ ਦੀਆਂ 26 ਸੀਟਾਂ ਲਈ 4 ਅਕਤੂਬਰ ਨੂੰ ਵੋਟਾਂ ਪਈਆਂ ਸਨ। 2018 ਵਿਚ ਨੈਸ਼ਨਲ ਕਾਨਫਰੰਸ 10 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਸੀ। ਉਸ ਦੇ ਬਾਅਦ ਕਾਂਗਰਸ ਨੇ 8, ਪੀ ਡੀ ਪੀ ਨੇ 2 ਸੀਟਾਂ ਜਿੱਤੀਆਂ ਸਨ। ਪੰਜ ਆਜ਼ਾਦ ਜਿੱਤੇ ਸਨ ਤੇ ਭਾਜਪਾ ਨੂੰ ਇਕ ਸੀਟ ਮਿਲੀ ਸੀ। ਮੋਦੀ ਸਰਕਾਰ ਨੇ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਨੂੰ ਖਾਸ ਦਰਜਾ ਦਿੰਦੀ ਧਾਰਾ 370 ਖਤਮ ਕਰਕੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਇਸ ਖੇਤਰ ਵਿਚ ਕਮਲ ਖਿਲਾਉਣ ਲਈ ਕਾਫੀ ਸਰਗਰਮੀ ਦਿਖਾਈ ਸੀ, ਪਰ ਸਫਲ ਨਹੀਂ ਰਹੀ। ਉਜ ਲੱਦਾਖ ਦੀ ਲੋਕ ਸਭਾ ਸੀਟ 9 ਸਾਲ ਤੋਂ ਭਾਜਪਾ ਕੋਲ ਹੈ। ਸੀਨੀਅਰ ਪੱਤਰਕਾਰ ਲਲਿਤ ਰਾਇ ਦਾ ਕਹਿਣਾ ਹੈ ਕਿ ਰਾਹੁਲ ਦੀ ‘ਭਾਰਤ ਜੋੜੋ’ ਯਾਤਰਾ ਦਾ ਇਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ ਫਾਇਦਾ ਹੋਇਆ ਹੈ। ਧਾਰਾ 370 ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਕੋਈ ਵੱਡੀ ਚੋਣ ਨਹੀਂ ਹੋਈ ਤੇ ਕਾਰਗਿਲ ਦੀ ਚੋਣ ਨੇ ਇਸ਼ਾਰਾ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਵਿਚ ਕੀ ਹੋਵੇਗਾ।





