ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੋਮਵਾਰ ਪੰਜ ਰਾਜਾਂ ਦੀਆਂ ਅਸੰਬਲੀ ਚੋਣਾਂ ਦਾ ਐਲਾਨ ਕਰਦਿਆਂ ਕਿਹਾ ਕਿ ਮਿਜ਼ੋਰਮ ਵਿੱਚ 7 ਨਵੰਬਰ, ਛੱਤੀਸਗੜ੍ਹ ’ਚ ਦੋ ਪੜਾਵਾਂ ’ਚ 7 ਤੇ 17 ਨਵੰਬਰ ਨੂੰ, ਮੱਧ ਪ੍ਰਦੇਸ਼ ’ਚ 17 ਨਵੰਬਰ ਨੂੰ, ਰਾਜਸਥਾਨ ’ਚ 23 ਨਵੰਬਰ ਨੂੰ ਤੇ ਤਿਲੰਗਾਨਾ ’ਚ 30 ਨਵੰਬਰ ਨੂੰ ਵੋਟਾਂ ਪੈਣਗੀਆਂ। ਨਤੀਜੇ 3 ਦਸੰਬਰ ਨੂੰ ਆਉਣਗੇ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਲਈ ਸੱਦੀ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਮਿਜ਼ੋਰਮ ਅਸੰਬਲੀ ਦਾ ਕਾਰਜਕਾਲ 17 ਦਸੰਬਰ ਨੂੰ ਖਤਮ ਹੋਵੇਗਾ। ਇਸ ਉੱਤਰ-ਪੂਰਬੀ ਰਾਜ ’ਚ ਮਿਜ਼ੋ ਨੈਸ਼ਨਲ ਫਰੰਟ ਸੱਤਾ ’ਚ ਹੈ। ਤਿਲੰਗਾਨਾ, ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਅਸੰਬਲੀਆਂ ਦਾ ਕਾਰਜਕਾਲ ਅਗਲੇ ਸਾਲ ਜਨਵਰੀ ’ਚ ਵੱਖ-ਵੱਖ ਤਰੀਕਾਂ ’ਤੇ ਖਤਮ ਹੋਵੇਗਾ। ਭਾਰਤ ਰਾਸ਼ਟਰ ਸਮਿਤੀ ਤਿਲੰਗਾਨਾ ’ਚ, ਭਾਜਪਾ ਮੱਧ ਪ੍ਰਦੇਸ਼ ’ਚ ਅਤੇ ਕਾਂਗਰਸ ਛੱਤੀਸਗੜ੍ਹ ਤੇ ਰਾਜਸਥਾਨ ’ਚ ਸੱਤਾ ’ਚ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਸੁਰੱਖਿਆ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਢੁਕਵੇਂ ਸਮੇਂ ’ਤੇ ਚੋਣਾਂ ਕਰਵਾਈਆਂ ਜਾਣਗੀਆਂ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਤੇ ਇਸਦੇ ਇਤਿਹਾਦੀਆਂ ਦੀ ਵਿਦਾਇਗੀ ਦਾ ਐਲਾਨ ਹੋ ਗਿਆ ਹੈ। ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੀਆਂ ਚੋਣਾਂ ਪੂਰੀ ਤਾਕਤ ਨਾਲ ਲੜਾਂਗੇ। ਇਹ ਪੁੱਛੇ ਜਾਣ ’ਤੇ ਕਿ ਕੀ ‘ਇੰਡੀਆ’ ਵਿਚ ਸ਼ਾਮਲ ਪਾਰਟੀਆਂ ਨਾਲ ਮਿਲ ਕੇ ਲੜੋਗੇ, ਉਨ੍ਹਾ ਕਿਹਾ-ਜੋ ਵੀ ਹੋਇਆ, ਦੱਸ ਦੇਵਾਂਗੇ।





