ਪਠਾਨਕੋਟ ਹਮਲੇ ਦਾ ਸਾਜ਼ਿਸ਼ਘਾੜਾ ਸ਼ਾਹਿਦ ਲਤੀਫ ਮਾਰਿਆ ਗਿਆ

0
312

ਨਵੀਂ ਦਿੱਲੀ : 2016 ਵਿਚ ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ ’ਤੇ ਹਮਲੇ ਦੇ ਸਾਜ਼ਿਸ਼ਘਾੜੇ ਤੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਸ਼ਾਹਿਦ ਲਤੀਫ ਤੇ ਦੋ ਹੋਰਨਾਂ ਦੀ ਬੁੱਧਵਾਰ ਤਿੰਨ ਅਣਪਛਾਤਿਆਂ ਨੇ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਡਸਕਾ ਕਸਬੇ ਦੀ ਮਸਜਿਦ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਲਤੀਫ ਉਰਫ ਬਿਲਾਲ ਭਾਰਤ ਨੂੰ ਲੋੜੀਂਦਾ ਸੀ। ਉਹ 1993 ਵਿਚ ਕਸ਼ਮੀਰ ਵਾਦੀ ’ਚ ਦਾਖਲ ਹੋਇਆ ਸੀ ਤੇ ਇਕ ਸਾਲ ਬਾਅਦ ਫੜਿਆ ਗਿਆ ਸੀ। ਉਹ ਜੈਸ਼ ਦੇ ਬਾਨੀ ਮਸੂਦ ਅਜ਼ਹਰ ਨਾਲ 2010 ਤੱਕ ਜੰਮੂ ਜੇਲ੍ਹ ਵਿਚ ਰਿਹਾ ਸੀ। ਯੂ ਪੀ ਏ ਸਰਕਾਰ ਨੇ ਸਦਭਾਵਨਾ ਵਜੋਂ ਜਿਹੜੇ 25 ਦਹਿਸ਼ਤਗਰਦ ਛੱਡੇ ਸਨ, ਉਨ੍ਹਾਂ ਵਿਚ ਲਤੀਫ ਵੀ ਸੀ। ਉਹ ਫਿਰ ਜੈਸ਼ ਵਿਚ ਸ਼ਾਮਲ ਹੋ ਗਿਆ ਸੀ। ਪਠਾਨਕੋਟ ਏਅਰ ਫੋਰਸ ਸਟੇਸ਼ਨ ’ਚ 2 ਜਨਵਰੀ 2016 ਵਿਚ ਜੈਸ਼ ਦੇ ਚਾਰ ਦਹਿਸ਼ਤਗਰਦਾਂ ਨੇ ਦਾਖਲ ਹੋ ਕੇ ਏਅਰ ਫੋਰਸ ਦੇ 7 ਜਵਾਨ ਮਾਰ ਦਿੱਤੇ ਸਨ ਤੇ ਤਿੰਨ ਦਿਨ ਕਬਜ਼ਾ ਕਰੀ ਰੱਖਿਆ ਸੀ।

LEAVE A REPLY

Please enter your comment!
Please enter your name here