ਚੰਡੀਗੜ੍ਹ : ਪੰਜਾਬ ਪੁਲਸ ਅਤੇ ਜੰਮੂ-ਕਸ਼ਮੀਰ ਪੁਲਸ ਨੇ ਸਾਂਝੇ ਅਪਰੇਸ਼ਨ ਵਿਚ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਤੋਂ ਮਸ਼ਕੂਕ ਨਸ਼ਾ ਸਮੱਗਲਰ ਨੂੰ ਕਾਬੂ ਕਰਕੇ ਉਸ ਕੋਲੋਂ 4.94 ਕਰੋੜ ਰੁਪਏ ਜ਼ਬਤ ਕੀਤੇ ਹਨ। ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਨਜੀਤ ਸਿੰਘ (24) ਵਾਸੀ ਪਿੰਡ ਠੰਡੀਆਂ, ਬੰਗਾ, ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਅਤੇ ਉਹ ਪਿਛਲੇ ਛੇ ਮਹੀਨਿਆਂ ਤੋਂ ਦਸਮੇਸ਼ ਨਗਰ ਮੁੱਲਾਂਪੁਰ ਦਾਖਾ ਵਿਖੇ ਰਹਿ ਰਿਹਾ ਸੀ। ਉਸ ਦੇ ਬੈੱਡ ਵਿੱਚ ਛੁਪਾ ਕੇ ਰੱਖੀ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਪੁਲਸ ਟੀਮਾਂ ਨੇ ਉਸ ਦੇ ਕਬਜ਼ੇ ’ਚੋਂ ਇਕ .32 ਬੋਰ ਰਿਵਾਲਵਰ, ਪੰਜਾਬ ਅਤੇ ਹਰਿਆਣਾ ਦੀਆਂ 38 ਜਾਲ੍ਹੀ ਵਾਹਨ ਨੰਬਰ ਪਲੇਟਾਂ, 44 ਗ੍ਰਾਮ ਸੋਨਾ, 385 ਗ੍ਰਾਮ ਚਾਂਦੀ, ਨੋਟ ਗਿਣਨ ਵਾਲੀ ਮਸ਼ੀਨ ਅਤੇ ਭਾਰ ਤੋਲਣ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ। ਉਸ ਦੀ ਮਹਿੰਦਰਾ ਸਕਾਰਪੀਓ ਕਾਰ ਵੀ ਜ਼ਬਤ ਕੀਤੀ ਗਈ। ਇਹ ਕਾਰਵਾਈ 30 ਕਿਲੋ ਕੋਕੀਨ ਸਮੇਤ 1 ਅਕਤੂਬਰ ਨੂੰ ਜੰਮੂ ਤੋਂ ਗਿ੍ਰਫ਼ਤਾਰ ਕੀਤੇ ਦੋ ਪੰਜਾਬ ਅਧਾਰਤ ਨਸ਼ਾ ਤਸਕਰ ਹਨੀ ਬਸਰਾ ਵਾਸੀ ਪਲਾਹੀ ਗੇਟ, ਫਗਵਾੜਾ ਅਤੇ ਸਰਬਜੀਤ ਸਿੰਘ ਵਾਸੀ ਪਿੰਡ ਬੱਲਾਂ, ਕਰਤਾਰਪੁਰ ਦੀ ਗਿ੍ਰਫਤਾਰੀ ਤੋਂ ਬਾਅਦ ਕੀਤੀ ਗਈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ 30 ਕਿਲੋ ਕੋਕੀਨ ਬਰਾਮਦਗੀ ਮਾਮਲੇ ਵਿੱਚ ਮੁਲਜ਼ਮ ਮਨਜੀਤ ਸਿੰਘ ਦੇ ਸ਼ਾਮਲ ਹੋਣ ਬਾਰੇ ਮਿਲੀਆਂ ਭਰੋਸੇਮੰਦ ਸੂਚਨਾਵਾਂ ’ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੀਆਂ ਟੀਮਾਂ ਨੇ ਜੰਮੂ ਪੁਲਸ ਨਾਲ ਮਿਲ ਕੇ ਸੂਬੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾ ਕਿਹਾ ਕਿ ਪੁਲਸ ਟੀਮਾਂ ਨੇ ਜਾਲ ਵਿਛਾ ਕੇ ਮੁਲਜ਼ਮ ਮਨਜੀਤ ਸਿੰਘ ਨੂੰ ਮੁੱਲਾਂਪੁਰ ਦਾਖਾ ਵਿਖੇ ਕਿਰਾਏ ਦੇ ਮਕਾਨ ਤੋਂ ਕਾਬੂ ਕਰ ਲਿਆ। ਉਨ੍ਹਾ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਨਜੀਤ ਸਿੰਘ ਜੰਮੂ ਪੁਲਸ ਵੱਲੋਂ ਕਾਬੂ ਕੀਤੇ ਗਏ ਦੋ ਵਿਅਕਤੀਆਂ, ਜੋ ਖੇਪ ਬਰਾਮਦ ਕਰਨ ਲਈ ਜੰਮੂ ਜਾਂਦੇ ਸਨ, ਕੋਲੋਂ ਜਲੰਧਰ ਖੇਤਰ ਤੋਂ ਇਹ ਖੇਪ ਲੈ ਕੇ ਵਾਹਨਾਂ ਰਾਹੀਂ ਹੋਰ ਵੱਖ-ਵੱਖ ਸਥਾਨਾਂ ’ਤੇ ਪਹੁੰਚਾਉਂਦਾ ਸੀ। ਉਨ੍ਹਾ ਕਿਹਾ ਕਿ ਮਾਮਲੇ ਦੇ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਏ ਆਈ ਜੀ ਕਾਊਂਟਰ ਇੰਟੈਲੀਜੈਂਸ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੀ ਖੇਪ ਜਲੰਧਰ ਤੋਂ ਹੋਰ ਵੱਖ-ਵੱਖ ਥਾਵਾਂ ’ਤੇ ਪਹੁੰਚਾਉਂਦਾ ਸੀ ਅਤੇ ਹੁਣ ਤੱਕ ਉਹ ਤਿੰਨ ਖੇਪਾਂ ਪਹੁੰਚਾ ਚੁੱਕਾ ਹੈ। ਇਹ ਵੀ ਖੁਲਾਸਾ ਹੋਇਆ ਕਿ ਮਨਜੀਤ ਸਿੰਘ ਦਾ ਪਿਤਾ ਸਤਨਾਮ ਸਿੰਘ ਵੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਅਤੇ ਗੜ੍ਹਸੰਕਰ ਵਿਖੇ ਦਰਜ ਐੱਨ ਡੀ ਪੀ ਐੱਸ ਕੇਸ ਵਿੱਚ ਭਗੌੜਾ (ਪੀ ਓ) ਐਲਾਨਿਆ ਗਿਆ ਹੈ। ਪੁਲਸ ਟੀਮਾਂ ਵੱਲੋਂ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



