18 ਨੂੰ ਨਸ਼ਾ ਮੁਕਤੀ ਲਈ 40 ਹਜ਼ਾਰ ਬੱਚੇ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਨਗੇ

0
164

ਅੰਮਿ੍ਤਸਰ (ਜਸਬੀਰ ਸਿੰਘ ਪੱਟੀ)ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੀ ਕਾਮਯਾਬੀ  ਲਈ ਵਾਹਿਗੁਰੂ ਦਾ ਓਟ ਆਸਰਾ ਲੈਣ ਵਾਸਤੇ 18 ਅਕਤੂਬਰ ਨੂੰ 40 ਹਜ਼ਾਰ ਤੋਂ ਵੱਧ ਬੱਚੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਨਗੇ | ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਜਿੰਨੇ ਜ਼ਿਆਦਾ ਦਿਲ ਪ੍ਰਮਾਤਮਾ ਅੱਗੇ ਅਰਦਾਸ ਵਿਚ ਸ਼ਾਮਲ ਹੋਣਗੇ, ਓਨੀ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਦੁਆਵਾਂ ਸੁਣੀਆਂ ਜਾਣਗੀਆਂ |
ਇਸ ਪਹਿਲਕਦਮੀ ਲਈ ਆਡੀਓ-ਵਿਜ਼ੁਅਲ ਲਾਂਚ ਕਰਦੇ ਹੋਏ, ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ‘ਦ ਹੋਪ ਇਨੀਸ਼ੀਏਟਿਵ’ ਵਿੱਚ ਅਰਦਾਸ ਨਾਲ ਹੋਣ ਵਾਲੀ ਸ਼ੁਰੂਆਤ ਵਿੱਚ ਜ਼ਿਲ੍ਹੇ ਭਰ ਦੇ 55 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 40,000 ਤੋਂ ਵੱਧ ਸਕੂਲੀ ਬੱਚੇ ਪਹੁੰਚਣਗੇ | ਉਨਾਂ ਦੱਸਿਆ ਕਿ ਇਹ ਬੱਚੇ ਸ੍ਰੀ ਦਰਬਾਰ ਸਾਹਿਬ ਨੂੰ ਚਾਰਾਂ ਪਾਸਿਆਂ ਤੋਂ ਆਉਂਦੇ ਰਸਤਿਆਂ ਤੋਂ ਆਉਣਗੇ ਅਤੇ ਇਸ ਵਿੱਚ ਹਰੇਕ ਭਾਈਚਾਰੇ ਦੇ ਬੱਚੇ ਸ਼ਮੂਲੀਅਤ ਕਰਨਗੇ | ਉਨਾਂ ਨੇ ਦੱਸਿਆ ਕਿ ਤੁਰ ਕੇ ਦਰਬਾਰ ਸਾਹਿਬ ਪਹੁੰਚਣ ਵਾਲੇ ਇਹ ਬੱਚੇ ਪੀਲੀਆਂ ਦਸਤਾਰਾਂ ਨਾਲ ਸਜੇ ਹੋਣਗੇ ਕਿਉਂਕਿ ਪੀਲਾ ਰੌਸ਼ਨੀ, ਚਮਕ ਅਤੇ ਉਤਸ਼ਾਹ ਦਾ ਰੰਗ ਹੈ ਅਤੇ ਉਮੀਦ ਅਤੇ ਜੀਵਨ ਦਾ ਵੀ ਪ੍ਰਤੀਕ ਹੈ | ਉਨਾਂ ਦੱਸਿਆ ਕਿ ਇਸ ਉਪਰਾਲੇ ਦਾ ਨਾਮ ਦਿ ਹੋਪ ਇਨੀਸ਼ੀਏਟਿਵ ਰੱਖਿਆ ਗਿਆ ਹੈ ਕਿਉਂਕਿ ਇਹ ਪੰਜਾਬ ਦੇ ਵਸਨੀਕਾਂ ਵਿੱਚ ਇੱਕ ਨਵੀਂ, ਸਾਰਥਕ ਅਤੇ ਸਿਹਤਮੰਦ ਜ਼ਿੰਦਗੀ ਦੀ ਉਮੀਦ ਪੈਦਾ ਕਰਦਾ ਹੈ | ਸੂਬਾ ਕਈ ਸਾਲਾਂ ਤੋਂ ਨਸ਼ਿਆਂ ਕਾਰਨ ਡਰ ਅਤੇ ਮੌਤ ਦੇ ਕਾਲੇ ਸਾਏ ਹੇਠ ਜਿਉ ਰਿਹਾ ਹੈ | ਹੁਣ ਇਨਾਂ ਪਰਛਾਵਿਆਂ ਤੋਂ ਬਾਹਰ ਨਿਕਲ ਕੇ ਰੌਸ਼ਨੀ ਵਿੱਚ ਆਉਣ ਦਾ ਸਮਾਂ ਆ ਗਿਆ ਹੈ |
ਉਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਬਣਾਏ ਗਏ 40 ਕਿ੍ਕਟ ਮੈਦਾਨਾਂ ਵਿੱਚ ਹੋਣ ਵਾਲੇ ਮੈਚਾਂ ਵਿੱਚ ਅੰਮਿ੍ਤਸਰ ਅਤੇ ਪੰਜਾਬ ਦੇ ਪੇਸ਼ੇਵਰ ਅਤੇ ਪ੍ਰਸਿੱਧ ਕਿ੍ਕਟਰਾਂ ਤੋਂ ਇਲਾਵਾ ਹਰੇਕ ਉਮਰ ਵਰਗ ਦੇ ਬੱਚੇ, ਜਿਨਾਂ ਵਿੱਚ ਲੜਕਿਆਂ, ਲੜਕੇ ਅਤੇ ਇੱਥੋਂ ਤੱਕ ਕਿ ਅਪਾਹਜ ਵੀ ਹੋਣਗੇ, ਭਾਗ ਲੈਣਗੇ | ਉਨਾਂ ਕਿਹਾ ਕਿ ਹੁਣ ਤੱਕ ਲੜਕੀਆਂ ਦੀਆਂ ਅੱਠ ਟੀਮਾਂ ਸਮੇਤ 900 ਟੀਮਾਂ ਨੇ ਰਜਿਸਟਰੇਸ਼ਨ ਕਰਵਾ ਲਈ ਹੈ | ਉਨਾਂ ਕਿਹਾ ਕਿ ਕ੍ਰਿਕੇਟ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ 15,000 ਦੇ ਕਰੀਬ ਬੱਚਿਆਂ ਨੂੰ   ਮੁਫ਼ਤ ਟੀ-ਸ਼ਰਟਾਂ ਅਤੇ ਕ੍ਰਿਕੇਟ ਕਿੱਟ ਵੰਡੀਆਂ ਜਾਣਗੀਆਂ | ਉਨਾਂ ਕਿਹਾ ਕਿ ਇਹ ਮੈਚ ਛੇ ਲੀਗਾਂ ਵਿੱਚ ਹੋਣਗੇ, ਜਿਨਾਂ ਵਿੱਚ ਜਜ਼ਬਾ ਕਿ੍ਕਟ ਲੀਗ, ਫੱਟਾ ਕਿ੍ਕਟ ਲੀਗ, ਸਕੂਲ ਕਿ੍ਕਟ ਲੀਗ, ਮਹਿਲਾ ਲੀਗ ਅਤੇ ਲੀਡਰਜ਼ ਕਿ੍ਕਟ ਲੀਗ ਸ਼ਾਮਲ ਹਨ | ਭਾਗ ਲੈਣ ਵਾਲਿਆਂ ਨੂੰ ਅੰਮਿ੍ਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਜੇਤੂਆਂ ਨੂੰ 15 ਲੱਖ ਦੇ ਕਰੀਬ ਨਕਦ ਇਨਾਮ ਦਿੱਤੇ ਜਾਣਗੇ ਅਤੇ ਹਰ ਇੱਕ ਵਰਗ ਵਿੱਚ ਟਰਾਫੀ ਦਿੱਤੀ ਜਾਵੇਗੀ, ਜਦਕਿ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਨੂੰ ਮੈਡਲ ਵੀ ਦਿੱਤੇ ਜਾਣਗੇ | ਉਨਾਂ ਕਿਹਾ ਕਿ ਭਾਗੀਦਾਰਾਂ ਦੀ ਉਮਰ 14 ਸਾਲ ਅਤੇ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਜੋ ਵੱਖ-ਵੱਖ ਸਮਾਗਮਾਂ ਦੀ ਸਾਰਥਕਤਾ ਨੂੰ ਸਮਝ ਸਕਣ ਅਤੇ ਇਹਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨਾਮ ਦਾ ਇੱਕ ਹਿੱਸਾ ਮੀਡੀਆ ਲਈ ਵੀ ਰਾਖਵਾਂ ਰੱਖਿਆ ਗਿਆ ਹੈ, ਕਿਉਂਕਿ ਅੰਮਿ੍ਤਸਰ ਪੁਲਿਸ ਕਮਿਸ਼ਨਰੇਟ ਨੇ ਦ ਹੋਪ ਇਨੀਸ਼ੀਏਟਿਵ ਨੂੰ ਕਵਰ ਕਰਨ ਵਾਲੇ ਮੀਡੀਆ ਕਰਮਚਾਰੀਆਂ ਅਤੇ ਮੀਡੀਆ ਹਾਊਸਾਂ ਨੂੰ ਵੱਖ-ਵੱਖ ਪੁਰਸਕਾਰਾਂ ਅਤੇ ਮਾਨਤਾਵਾਂ ਰਾਹੀਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ |

LEAVE A REPLY

Please enter your comment!
Please enter your name here