ਮੋਦੀ ਦੌਰ ਦੌਰਾਨ ਜਮਹੂਰੀਅਤ ਖ਼ਤਮ ਕਰਨ ਦਾ ਸਿਲਸਿਲਾ ਜਾਰੀ : ਬਰਾੜ

0
259

ਜਲੰਧਰ, (ਗਿਆਨ ਸੈਦਪੁਰੀ)-‘ਮਨੀਪੁਰ ਵਿੱਚ ਵੱਖ-ਵੱਖ ਭਾਈਚਾਰਿਆਂ ਅੰਦਰ ਨਫ਼ਰਤ ਫੈਲਾਈ ਗਈ ਤੇ ਔਰਤਾਂ ਨਾਲ ਦਰਿੰਦਗੀ ਹੋਈ, ਦਿੱਲੀ ਅਤੇ ਯੂ ਪੀ ਦੇ ਸ਼ਹਿਰਾਂ ਅੰਦਰ ਮੁਸਲਿਮ ਭਾਈਚਾਰੇ ਨੂੰ ਜ਼ਲੀਲ ਕੀਤਾ ਗਿਆ। ਇਨ੍ਹਾਂ ਸਭ ਕਾਰਿਆ ’ਤੇ ਨਰਿੰਦਰ ਮੋਦੀ ਦੀ ਚੁੱਪ ਦਾ ਅਰਥ ਹੈ ਕਿ ਇਹ ਸਭ ਕੁਝ ਕਰਾਂਗੇ, ਅਸੀਂ ਕਰਾਂਗੇ।’ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਹ ਐਤਵਾਰ ਪਾਰਟੀ ਦਫ਼ਤਰ ਵਿਖੇ ਸੀ ਪੀ ਆਈ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਜਦੋਂ ਤੋਂ ਦੇਸ਼ ਅੰਦਰ ਭਾਜਪਾ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਸੰਵਿਧਾਨਕ ਸੰਸਥਾਵਾਂ ਨੂੰ ਖ਼ਤਮ ਕਰਨ ਅਤੇ ਜਮਹੂਰੀਅਤ ਦਾ ਭੋਗ ਪਾਉਣ ਦਾ ਸਿਲਸਿਲਾ ਜਾਰੀ ਹੈ। ਇਸ ਸਰਕਾਰ ਦਾ ਅਗਲਾ ਏਜੰਡਾ ਹੈ ਕਿ ਮੁਸਲਿਮ ਤੇ ਈਸਾਈ ਆਦਿ ਭਾਈਚਾਰਿਆਂ ’ਤੇ ਜ਼ੁਲਮ ਢਾਹ ਕੇ ਇਹ ਸਿੱਧ ਕਰਨਾ ਹੈ ਕਿ ਭਾਜਪਾ ਸਰਕਾਰ ਹੀ ਹਿੰਦੂ ਧਰਮ ਦੀ ਰਖਵਾਲੀ ਹੈ ਤੇ ਹਿੰਦੂ ਰਾਸ਼ਟਰ ਸਥਾਪਤ ਕਰਨ ਲਈ ਅੱਗੇ ਵਧ ਰਹੀ ਹੈ। ਉਨ੍ਹਾ ਕਿਹਾ ਕਿ ਸੱਚ ਇਹ ਹੈ ਕਿ ਇਸ ਸਰਕਾਰ ਵੱਲੋਂ ਨਾਅਰਾ ਤਾਂ ਹਿੰਦੂਤਵ ਦਾ ਲਾਇਆ ਤੇ ਲਗਵਾਇਆ ਜਾ ਰਿਹਾ ਹੈ, ਪਰ ਕੰਮ ਪੂੰਜੀਪਤੀਆਂ ਦੀਆਂ ਤਿਜੌਰੀਆਂ ਨੂੰ ਨੱਕੋ-ਨੱਕ ਭਰਨ ਲਈ ਕੀਤਾ ਜਾ ਰਿਹਾ ਹੈ। ਭਾਰਤ ਨੂੰ ਵਿਸ਼ਵ ਗੁਰੂ ਦੱਸ ਕਿ ਤੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਨੂੰ ਆਪਣੀ ਝੋਲੀ ਪਾ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਭਾਜਪਾ ਅਤੇ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਮੰਦਰ ਦੀ ਗੱਲ ਕੀਤੀ ਜਾਂਦੀ ਹੈ, ਜਦ ਕਿ ਲੋਕ ਰੋਟੀ ਤੇ ਰੁਜ਼ਗਾਰ ਦੀ ਗੱਲ ਕਰਦੇ ਹਨ। ਕਮਿਊਨਿਸਟ ਆਗੂ ਨੇ ਕਿਹਾ ਕਿ ਰੋਟੀ ਦੀ ਗੱਲ ਕਰਨ ਵੀ ਕਿਉਂ ਨਾ, ਹੁਣੇ ਜਿਹੇ ਆਈ ਇੱਕ ਭੁੱਖਮਰੀ ਰਿਪੋਰਟ ਵਿੱਚ ਭਾਰਤ ਉਨ੍ਹਾਂ ਮੁਲਕਾਂ ਤੋਂ ਵੀ ਬਦਤਰ ਹਾਲਤ ਵਿੱਚ ਹੈ, ਜਿਨ੍ਹਾਂ ਨੂੰ ਅੱਤ ਦੇ ਗਰੀਬ ਸਮਝਿਆ ਜਾਦਾ ਹੈ, ਮਸਲਨ ਬੰਗਲਾਦੇਸ਼ ਜਾਂ ਪਾਕਿਸਤਾਨ।
ਭਾਜਪਾ ਸਰਕਾਰ ਦੇ ਮਨੁੱਖਤਾ ਵਿਰੋਧੀ ਕਾਰਿਆ ਦੀ ਅਗਲੀ ਗੱਲ ਕਰਦਿਆ ਕਾਮਰੇਡ ਬਰਾੜ ਨੇ ਕਿਹਾ ਕਿ ਜਿਨ੍ਹਾਂ ਬੁੱਧੀਜੀਵੀਆ ਨੇ ਆਪਣੇ ਚਿੰਤਨ ਰਾਹੀਂ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੜਨ ਲਈ ਸੁੱਟਿਆ ਹੋਇਆ ਹੈ। ‘ਨਿਊਜ਼ਕਲਿੱਕ’ ਵਰਗਾ ਅਦਾਰਾ, ਜਿਹੜਾ ਇਸ ਸਰਕਾਰ ਦੇ ਕੋਝੇ ਕਾਰਨਾਮਿਆ ਨੂੰ ਨਸ਼ਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਦੇ ਪੱਤਰਕਾਰਾਂ ਨੂੰ ਯੂ ਏ ਪੀ ਏ ਜਿਹੇ ਕਾਨੂੰਨਾਂ ਤਹਿਤ ਜੇਲ੍ਹਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ।
ਮੋਦੀ ਦੌਰ ਵਿੱਚ ਦੇਸ਼ ਦੀ ਆਰਥਿਕਤਾ ਦੀ ਗੱਲ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਜਦੋਂ ਦੇਸ਼ ਅੰਦਰ ਭੁੱਖਮਰੀ ਦੀ ਰਿਪੋਰਟ ਆਈ ਹੈ, ਉਨ੍ਹਾਂ ਸਮਿਆਂ ਵਿੱਚ ਹੀ ਧਨਾਢਾਂ ਦੇ 15 ਲੱਖ ਕਰੋੜ ਦੇ ਕਰਜ਼ਿਆਂ ’ਤੇ ਲਕੀਰ ਫੇਰ ਦਿੱਤੀ ਗਈ ਹੈ। ਅਜਿਹੇ ਹਾਲਾਤ ’ਚ ਆਰਥਿਕਤਾ ਸਥਿਰ ਕਿਵੇਂ ਰਹਿ ਸਕਦੀ ਹੈ।
ਬਹੁਤ ਸਾਰੇ ਕੌਮਾਂਤਰੀ ਮਸਲਿਆਂ ਦੀ ਗੱਲ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਮੋਦੀ ਰਾਜ ਵਿੱਚ ਦੇਸ਼ ਦੀ ਵਿਦੇਸ਼ ਨੀਤੀ ਨੂੰ ਗਹਿਰੀ ਆਂਚ ਆਈ ਹੈ। ਜਦੋਂ ਦੇਸ਼ ਦਾ ਮੰਦਾ ਹਾਲ ਹੋਇਆ ਪਿਆ ਹੈ, ਉਸ ਵੇਲੇ ਵਿਰੋਧੀ ਪਾਰਟੀਆਂ ‘ਇੰਡੀਆ’ ਨਾਂਅ ਦੇ ਗੱਠਜੋੜ ਵਿੱਚ ਇਕੱਠੀਆਂ ਹੋਈਆਂ ਹਨ। ਸਾਨੂੰ ਸਭ ਨੂੰ ‘ਇੰਡੀਆ’ ਦਾ ਸਮੱਰਥਨ ਕਰਕੇ ਮੋਦੀ ਸਰਕਾਰ ਦਾ ਭੋਗ ਪਾਉਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਤਿੰਨ ਨਵੰਬਰ ਨੂੰ ਏਟਕ ਤੇ ਹੋਰ ਜਥੇਬੰਦੀਆਂ ਵੱਲੋਂ ਮੁਹਾਲੀ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਾਮਰੇਡ ਬਰਾੜ ਨੇ ਸਰਕਾਰ ਵੱਲੋਂ ਬੁੱਧੀਜੀਵੀਆਂ ਤੇ ਪੱਤਰਕਾਰਾਂ ਦੀ ਜ਼ੁਬਾਨਬੰਦੀ ਤੇ ਕਲਮਬੰਦੀ ਰੋਕਣ ਵਰਗੀਆਂ ਧੱਕੇਸ਼ਾਹੀਆਂ ਵਿਰੁੱਧ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦਾ ਹਿੱਸਾ ਬਣਨ ਦਾ ਵੀ ਹੋਕਾ ਦਿੱਤਾ। ਕਾਮਰੇਡ ਮਹਿੰਦਰ ਸਿੰਘ ਘੋੜਾਬਾਹੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਨੇ ਵੀ ਸੰਬੋਧਨ ਕੀਤਾ।
ਮੀਟਿੰਗ ਵਿੱਚ ਚੰਦ ਫਤਿਹਪੁਰੀ, ਸੰਤੋਸ਼ ਬਰਾੜ, ਹਰਜਿੰਦਰ ਸਿੰਘ ਮੌਜੀ, ਵੀਰ ਕੁਮਾਰ, ਤਰਸੇਮ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਜੰਡਿਆਲਾ, ਜਗੀਰ ਸਿੰਘ ਮੁਆਈ, ਗਿਆਨ ਸੈਦਪੁਰੀ, ਸਿਕੰਦਰ ਸੰਧੂ, ਸੁਨੀਲ ਕੁਮਾਰ, ਅਮਰਜੀਤ ਚਾਹੜਕੇ ਅਤੇ ਭਾਗ ਰਾਮ ਚਿੱਟੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here