ਮੋਦੀ ਦੇ ਓ ਬੀ ਸੀ ਰੁਤਬੇ ’ਤੇ ਸ਼ੱਕ

0
319

ਪਟਨਾ : ਜਨਤਾ ਦਲ (ਯੂ) ਨੇ ਕਿਹਾ ਕਿ ਮੋਦੀ ਸਰਕਾਰ ਇਸ ਕਰਕੇ ਜਾਤੀ ਜਨਗਣਨਾ ਨਹੀਂ ਕਰਾਉਣਾ ਚਾਹੁੰਦੀ, ਕਿਉਕਿ ਉਸ ਨੂੰ ਡਰ ਹੈ ਕਿ ਇਸ ਨਾਲ ਪ੍ਰਧਾਨ ਮੰਤਰੀ ਦੇ ਓ ਬੀ ਸੀ ਰੁਤਬੇ ਦਾ ਝੂਠ ਫੜਿਆ ਜਾਣਾ। ਪਾਰਟੀ ਦੇ ਬੁਲਾਰੇ ਨੀਰਜ ਕੁਮਾਰ ਨੇ ਐਤਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਦੀ ਦੇ ਇਸ ਦਾਅਵੇ ਨੂੰ ਵੰਗਾਰਿਆ ਕਿ ਉਹ ਅਤਿ ਪੱਛੜੀ ਜਾਤੀ ਵਿੱਚੋਂ ਹਨ। ਉਨ੍ਹਾ ਕਿਹਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾ ਆਪਣੀ ਜਾਤੀ ‘ਮੋਧ ਗਾਂਚੀ’ ਨੂੰ 2002 ਵਿਚ ਓ ਬੀ ਸੀ ਲਿਸਟ ਵਿਚ ਪੁਆਇਆ। ਮੋਦੀ ਨੇ ਇਹ ਕਹਿ ਕੇ ਇਸ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਨ੍ਹਾ ਦੀ ਜਾਤੀ 1994 ਵਿਚ ਲਿਸਟ ਵਿਚ ਪਾਈ ਗਈ ਸੀ, ਜਦੋਂ ਕੇਂਦਰ ਤੇ ਗੁਜਰਾਤ ਵਿਚ ਕਾਂਗਰਸ ਦਾ ਰਾਜ ਸੀ। ਨੀਰਜ ਕੁਮਾਰ ਨੇ ਕਿਹਾ ਕਿ ਗਾਂਚੀ ਜਾਤ ਦੇ ਛੇ ਉਪ ਗਰੁੱਪ ਹਨ, ਜਿਨ੍ਹਾਂ ਵਿੱਚੋਂ ਗਾਂਚੀ (ਮੁਸਲਿਮ) ਹੀ 1994 ਦੀ ਲਿਸਟ ਵਿਚ ਸੀ। ਭਾਜਪਾ ਇਸ ਨੂੰ ਚੈਲੰਜ ਕਰਕੇ ਦਿਖਾਏ। ਉਨ੍ਹਾ ਕਿਹਾ ਕਿ ਮੋਦੀ ਨੇ ਚੋਣਾਂ ਵਿਚ ਫਾਇਦਾ ਉਠਾਉਣ ਲਈ ਮੋਧ ਗਾਂਚੀ ਨੂੰ ਲਿਸਟ ਵਿਚ ਪਾਇਆ। ਨੀਰਜ ਕੁਮਾਰ ਨੇ ਇਹ ਵੀ ਕਿਹਾ ਕਿ 1931 ਦੀ ਜਨਗਣਨਾ ਮੁਤਾਬਕ ਮੋਦੀ ਦੀ ਜਾਤ ਦੀ ਸਾਖਰਤ ਦਰ ਬ੍ਰਾਹਮਣਾਂ ਤੇ ਰਾਜਪੂਤਾਂ ਨਾਲੋਂ ਵੱਧ ਸੀ, ਇਸ ਕਰਕੇ ਉਸ ਨੂੰ ਓ ਬੀ ਸੀ ਵਾਲੇ ਫਾਇਦੇ ਦੇਣ ਦੀ ਲੋੜ ਨਹੀਂ ਸੀ।
ਦਸਤਾਵੇਜ਼ਾਂ ਮੁਤਾਬਕ ਮੋਧ ਗਾਂਚੀਆਂ ਨੇ 19ਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ ਸਰਕਾਰ ਨੂੰ ਲਿਖ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਬਾਣੀਆਂ ਵਿਚ ਰੱਖਿਆ ਜਾਵੇ, ਗਾਂਚੀਆਂ ਨਾਲ ਨਹੀਂ, ਕਿਉਕਿ ਉਨ੍ਹਾਂ ਨਾਲ ਉਨ੍ਹਾ ਦੀ ਰੋਟੀ-ਬੇਟੀ ਦੀ ਸਾਂਝ ਕਦੇ ਨਹੀਂ ਰਹੀ।
ਮੋਦੀ ਨੇ ਅਪ੍ਰੈਲ 2019 ਵਿਚ ਯੂ ਪੀ ਦੀ ਇਕ ਰੈਲੀ ਵਿਚ ਕਿਹਾ ਸੀ ਕਿ ਉਹ ਸਿਰਫ ਓ ਬੀ ਸੀ ਹੀ ਨਹੀਂ, ਸਗੋਂ ਉਹ ਪੈਦਾ ਵੀ ਅਤਿ ਪੱਛੜੀ ਜਾਤ ਵਿਚ ਹੋਏ।

LEAVE A REPLY

Please enter your comment!
Please enter your name here