ਮਾਸਕੋ : ਰੂਸ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਕਿਹਾ ਹੈ ਕਿ ਉਹ ਇਜ਼ਰਾਈਲ-ਫਲਸਤੀਨ ਟਕਰਾਅ ਨੂੰ ਟਾਲਣ ਲਈ ਉਸ ਮਤੇ ’ਤੇ ਵੋਟਿੰਗ ਕਰਾਏ, ਜਿਸ ਵਿਚ ਮਾਨਵੀ ਆਧਾਰ ’ਤੇ ਗੋਲੀਬੰਦੀ ਦਾ ਸੱਦਾ ਦਿੱਤਾ ਗਿਆ ਹੈ। ਇਕ ਸਫੇ ਦੇ ਮਤੇ ਵਿਚ ਬੰਦੀਆਂ ਨੂੰ ਛੱਡਣ, ਮਾਨਵੀ ਮਦਦ ਦੀ ਰਸਾਈ ਅਤੇ ਲੋਕਾਂ ਦੇ ਸੁਰੱਖਿਅਤ ਲਾਂਘੇ ਦੀ ਗੱਲ ਵੀ ਕਹੀ ਗਈ ਹੈ। ਮਤੇ ਵਿਚ ਇਜ਼ਰਾਈਲ ਤੇ ਫਲਸਤੀਨ ਦਾ ਜ਼ਿਕਰ ਹੈ, ਹਮਾਸ ਦਾ ਨਹੀਂ।
ਇਸੇ ਦੌਰਾਨ ਚੀਨ ਨੇ ਕਿਹਾ ਹੈ ਕਿ ਇਜ਼ਰਾਈਲੀ ਕਾਰਵਾਈਆਂ ਸਵੈ-ਰੱਖਿਆ ਦੇ ਦਾਇਰੇ ਤੋਂ ਬਾਹਰ ਹੋ ਗਈਆਂ ਹਨ ਅਤੇ ਇਜ਼ਰਾਈਲ ਸਰਕਾਰ ਨੂੰ ਗਾਜ਼ਾ ਦੇ ਲੋਕਾਂ ਨੂੰ ਸਮੂਹਕ ਸਜ਼ਾ ਦੇਣ ਤੋਂ ਬਾਜ਼ ਆਉਣਾ ਚਾਹੀਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਾਊਦੀ ਅਰਬ ਦੇ ਸ਼ਹਿਜ਼ਾਦਾ ਫੈਸਲ ਬਿਨ ਫਰਹਾਨ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਚੀਨ ਨੇ ਹੁਣ ਤੱਕ ਦੇ ਸਭ ਤੋਂ ਸਖਤ ਬਿਆਨ ਵਿਚ ਕਿਹਾ ਹੈ ਕਿ ਇਜ਼ਰਾਈਲ ਕੌਮਾਂਤਰੀ ਭਾਈਚਾਰੇ ਤੇ ਸੰਯੁਕਤ ਰਾਸ਼ਟਰ ਦੇ ਸੱਦਿਆਂ ’ਤੇ ਹਾਮੀ ਭਰਦਿਆਂ ਗੋਲੀਬੰਦੀ ਕਰੇ।
ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਹੀਆਨ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਮੀਟਿੰਗ ਦੌਰਾਨ ਕਿਹਾ ਕਿ ਜੇ ਇਜ਼ਰਾਈਲ ਦੀ ਯਹੂਦੀ ਹਕੂਮਤ ਨੇ ਗਾਜ਼ਾ ਵਿਚ ਫੌਜ ਦਾਖਲ ਕੀਤੀ ਤਾਂ ਸਥਿਤੀ ਬੇਕਾਬੂ ਹੋਣ ਬਾਰੇ ਕੋਈ ਗਰੰਟੀ ਨਹੀਂ ਦੇ ਸਕਦਾ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਇਜ਼ਰਾਈਲ ਨੇ ਬੰਬਾਰੀ ਨਾ ਰੋਕੀ ਤਾਂ ਉਸ ਨੂੰ ਇਸ ਦੇ ‘ਦੂਰਗਾਮੀ ਸਿੱਟੇ’ ਭੁਗਤਣੇ ਪੈਣਗੇ। ਇਜ਼ਰਾਇਲੀ ਫੌਜਾਂ ਨੇ ਹਮਾਸ ਦੇ ਕਬਜ਼ੇ ਵਾਲੀ ਗਾਜ਼ਾ ਪੱਟੀ ’ਤੇ ਐਤਵਾਰ ਜ਼ਮੀਨੀ ਹਮਲੇ ਤੇਜ਼ ਕਰਨ ਦੀ ਤਿਆਰੀ ਕੱਸ ਲਈ। ਉਧਰ, ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਲਿਬਨਾਨ ਸਥਿਤ ਹਿਜ਼ਬੁੱਲ੍ਹਾ, ਜੋ ਉੱਤਰ ਵਾਲੇ ਪਾਸਿਓਂ ਇਜ਼ਰਾਈਲ ਦਾ ਗੁਆਂਢ ਮੱਥਾ ਹੈ, ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਕ ਹੋਰ ਮੋਰਚੇ ਤੋਂ ਜੰਗ ਨਾ ਸ਼ੁਰੂ ਕਰੇ। ਨੇਤਨਯਾਹੂ ਨੇ ਕਿਹਾ ਕਿ ਹਿਜ਼ਬੁੱਲ੍ਹਾ ਨੇ ਜੇ ਅਜਿਹਾ ਕੀਤਾ ਤਾਂ ਉਹ ਲਿਬਨਾਨ ਦੀ ਤਬਾਹੀ ਲਈ ਤਿਆਰ ਰਹੇ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਸਵੇਰੇ ਰਿਆਦ ’ਚ ਸਾਊਦੀ ਪਿ੍ਰੰਸ ਮੁਹੰਮਦ ਬਿਨ ਸਲਮਾਨ ਨਾਲ ਬੈਠਕ ਕੀਤੀ। ਬਲਿੰਕਨ ਟਕਰਾਅ ਨੂੰ ਹੋਰ ਵੱਡਾ ਵਿਵਾਦ ਬਣਨ ਤੋਂ ਰੋਕਣ ਤੇ ਬੰਦੀਆਂ ਦੀ ਰਿਹਾਈ ਲਈ ਖੇਤਰੀ ਭਾਈਵਾਲਾਂ ਨਾਲ ਮਿਲ ਰਹੇ ਹਨ। ਇਸੇ ਦੌਰਾਨ ਫਲਸਤੀਨ ਦੇ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਪੱਟੀ ਤੇ ਪੱਛਮੀ ਕੰਢੇ ’ਤੇ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 2383 ਨੂੰ ਪੁੱਜ ਗਈ ਹੈ, ਜਦੋਂਕਿ ਜ਼ਖਮੀਆਂ ਦਾ ਅੰਕੜਾ 11000 ਨੂੰ ਢੁਕਣ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਨੇਤਨਯਾਹੂ ਤੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਬਾਇਡਨ ਨੇ ਦੋਵਾਂ ਦੇਸ਼ਾਂ ਦੇ ਆਗੂਆਂ ਤੱਕ ਅਜਿਹੇ ਮੌਕੇ ਪਹੁੰਚ ਕੀਤੀ ਹੈ, ਜਦੋਂ ਅਮਰੀਕਾ ਨੇ ਆਈਜ਼ਨਹਾਵਰ ਕਰੀਅਰ ਸਟਰਾਈਕ ਗਰੁੱਪ ਨੂੰ ਪੂਰਬੀ ਭੂ-ਮੱਧ ਸਾਗਰ ਵਿਚ ਭੇਜਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।



