ਰਾਜਸਥਾਨ ਵਿਚ 1951-52 ਦੀਆਂ ਪਹਿਲੀਆਂ ਚੋਣਾਂ ਤੋਂ ਹੀ ਰਾਜ ਘਰਾਣੇ ਚੋਣ ਸਿਆਸਤ ’ਚ ਸਰਗਰਮ ਰਹੇ ਹਨ, ਪਰ ਸਿਰਫ ਵਸੁੰਧਰਾ ਰਾਜੇ ਹੀ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜ ਸਕੀ। ਅਗਲੇ ਮਹੀਨੇ ਦੀ 25 ਤਰੀਕ ਨੂੰ ਹੋਣ ਵਾਲੀਆਂ ਅਸੰਬਲੀ ਚੋਣਾਂ ਵਿਚ ਭਾਜਪਾ ਹਾਈਕਮਾਨ ਨੇ ਜੈਪੁਰ ਸ਼ਾਹੀ ਘਰਾਣੇ ਦੀ ਸਾਂਸਦ ਦੀਆ ਕੁਮਾਰੀ ਨੂੰ ਮੈਦਾਨ ਵਿਚ ਉਤਾਰ ਕੇ ਹੈਰਾਨ ਕਰ ਦਿੱਤਾ ਹੈ। ਇਸ ਨੂੰ ਵਸੁੰਧਰਾ ਰਾਜੇ ਤੋਂ ਨਾਰਾਜ਼ ਹਾਈਕਮਾਨ ਦੀ ਚਾਲ ਸਮਝਿਆ ਜਾ ਰਿਹਾ ਹੈ। ਦੀਆ ਕੁਮਾਰੀ ਨੂੰ ਟਿਕਟ ਵੀ ਵਿਦਿਆਧਰ ਨਗਰ ਤੋਂ ਦਿੱਤੀ ਗਈ ਹੈ, ਜਿਥੋਂ ਮਰਹੂਮ ਉਪ-ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦੇ ਦਾਮਾਦ ਤੇ ਵਸੁੰਧਰਾ ਦੇ ਕਰੀਬੀ ਸਮਝੇ ਜਾਂਦੇ ਨਰਪਤ ਸਿੰਘ ਰਾਜਵੀ ਪੰਜ ਵਾਰ ਤੋਂ ਵਿਧਾਇਕ ਸਨ। ਨਾਰਾਜ਼ ਰਾਜਵੀ ਨੇ ਸਵਾਲ ਕੀਤਾ ਹੈ ਕਿ 23 ਅਕਤੂਬਰ ਨੂੰ ਸ਼ੁਰੂ ਹੋਣ ਵਾਲੀ ਸ਼ੇਖਾਵਤ ਦੀ ਜਨਮ-ਸਦੀ ਨੂੰ ਭਾਜਪਾ ਕਿਸ ਮੂੰਹ ਨਾਲ ਮਨਾਏਗੀ? ਰਾਜਵੀ ਨੇ ਪੁੱਛਿਆ ਹੈ ਕਿ ਪਾਰਟੀ ਇਕ ਅਜਿਹੇ ਪਰਵਾਰ ਨੂੰ ਅਸ਼ੀਰਵਾਦ ਕਿਉ ਦੇ ਰਹੀ ਹੈ, ਜਿਸ ਨੇ ਮੁਗਲਾਂ ਨਾਲ ਮਿਲੀਭੁਗਤ ਕੀਤੀ ਤੇ ਇੱਥੋਂ ਤੱਕ ਕਿ ਮਹਾਰਾਣਾ ਪ੍ਰਤਾਪ ਦੇ ਖਿਲਾਫ ਵੀ ਲੜਾਈ ਲੜੀ। ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਦੀਆ ਨੂੰ ਸੁਰੱਖਿਅਤ ਸੀਟ ਤੋਂ ਇਸ ਕਰਕੇ ਉਤਾਰਿਆ ਗਿਆ ਹੈ, ਕਿਉਕਿ ਉਤਲੇ ਆਗੂ ਦੀਆ ਲਈ ਵੱਡੀ ਭੂਮਿਕਾ ਤਿਆਰ ਕਰੀ ਬੈਠੇ ਹਨ ਤੇ ਵਸੁੰਧਰਾ ਨੂੰ ਲਾਂਭੇ ਕਰਨ ਨਾਲ ਪੈਦਾ ਹੋਣ ਵਾਲੇ ਖਲਾਅ ਨੂੰ ਭਰਨਾ ਚਾਹੁੰਦੇ ਹਨ। ਉਹ ਦੀਆ ਦੇ ਸ਼ਾਹੀ ਘਰਾਣੇ ਨਾਲ ਸੰਬੰਧ ਨੂੰ ਵੀ ਕੈਸ਼ ਕਰਨਾ ਚਾਹੁੰਦੇ ਹਨ। ਦੀਆ ਦੀ ਸ਼ਖਸੀਅਤ ਆਪਣੀ ਸੌਤੇਲੀ ਦਾਦੀ ਰਾਜ ਮਾਤਾ ਗਾਇਤਰੀ ਦੇਵੀ ਵਾਂਗ ਆਕਰਸ਼ਕ ਹੈ, ਜਿਹੜੀ ਸੁਤੰਤਰ ਪਾਰਟੀ ਦੇ ਬਾਨੀਆਂ ਵਿੱਚੋਂ ਇਕ ਸੀ। ਵਿਡੰਬਨਾ ਇਹ ਹੈ ਕਿ ਦੀਆ ਨੂੰ ਵਸੁੰਧਰਾ ਨੇ 2013 ਵਿਚ ਨਰਿੰਦਰ ਮੋਦੀ ਦੀ ਰੈਲੀ ਵਿਚ ਭਾਜਪਾ ’ਚ ਸ਼ਾਮਲ ਕੀਤਾ ਸੀ। ਅਗਸਤ 2016 ਵਿਚ ਵਸੁੰਧਰਾ ਤੇ ਦੀਆ ਵਿਚਾਲੇ ਖੜਕ ਪਈ, ਜਦੋਂ ਜੈਪੁਰ ਡਿਵੈੱਲਪਮੈਂਟ ਅਥਾਰਟੀ ਨੇ ਦੀਆ ਪਰਵਾਰ ਦੀ ਮਾਲਕੀ ਵਾਲੇ ‘ਰਾਜ ਮਹਿਲ ਪੈਲੇਸ’ ਹੋਟਲ ਦੇ ਗੇਟ ਸੀਲ ਕਰ ਦਿੱਤੇ। ਉਸ ਤੋਂ ਬਾਅਦ ਵਸੁੰਧਰਾ ਦਾ ਵਿਰੋਧ ਕਰਨ ਵਾਲੇ ਆਰ ਐੱਸ ਐੱਸ ਤੇ ਭਾਜਪਾ ਦੇ ਆਗੂਆਂ ਨੇ ਦੀਆ ਨੂੰ ਵਸੁੰਧਰਾ ਦੇ ਮੁਕਾਬਲੇ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ। ਵਸੁੰਧਰਾ ਦੀ ਆਰ ਐੱਸ ਐੱਸ ਨਾਲ ਬਣਦੀ ਨਹੀਂ। ਭਾਜਪਾ ਵੱਲੋਂ ਹੁਣ ਤਕ ਐਲਾਨੇ ਗਏ ਉਮੀਦਵਾਰਾਂ ਵਿਚ ਵਸੁੰਧਰਾ ਹਮਾਇਤੀ ਕਈ ਆਗੂਆਂ ਦੇ ਨਾਂਅ ਕੱਟੇ ਜਾ ਚੁੱਕੇ ਹਨ। ਜੇ ਪੂਰੀ ਲਿਸਟ ਵਿਚ ਵਸੰੁਧਰਾ ਦੇ ਬਹੁਤੇ ਹਮਾਇਤੀ ਟਿਕਟ ਤੋਂ ਵਾਂਝੇ ਰਹੇ ਤਾਂ ਹੁਣ ਤੱਕ ਹਾਈਕਮਾਨ ਦੀ ਪਰਵਾਹ ਨਾ ਕਰਨ ਵਾਲੀ ਵਸੰੁਧਰਾ ਆਪਣੇ ਹਮਾਇਤੀਆਂ ਨੂੰ ਆਜ਼ਾਦਾਂ ਵਜੋਂ ਖੜ੍ਹੇ ਕਰਕੇ ਚੋਣ ਦਾ ਨਕਸ਼ਾ ਬਦਲ ਸਕਦੀ ਹੈ। ਰਾਜਸਥਾਨ ਅਸੰਬਲੀ ਦੀ ਚੋਣ ਵਿਚ ਰਾਣੀਆਂ ਦੀ ਲੜਾਈ ਹੀ ਸਭ ਤੋਂ ਵੱਧ ਚਰਚਿਤ ਰਹਿਣ ਦੀ ਸੰਭਾਵਨਾ ਹੈ।



