ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਮੰਗਲਵਾਰ ਸਮਲਿੰਗੀ ਵਿਆਹ ਨੂੰ 3-2 ਨਾਲ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ ਕਿ ਇਹ ਸੰਸਦ ਦਾ ਅਧਿਕਾਰ ਖੇਤਰ ਹੈ। ਸੁਪਰੀਮ ਕੋਰਟ ਨੇ ਚਾਰ ਫੈਸਲੇ ਸੁਣਾਏ।
ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਐੱਸ ਕੇ ਕੌਲ, ਜਸਟਿਸ ਰਵਿੰਦਰ ਭੱਟ ਤੇ ਜਸਟਿਸ ਪੀ ਐਸ ਨਰਸਿਮ੍ਹਾ ਨੇ ਫੈਸਲੇ ਪੜ੍ਹੇ, ਜਦਕਿ ਜਸਟਿਸ ਹਿਮਾ ਕੋਹਲੀ ਨੇ ਜਸਟਿਸ ਭੱਟ ਦੇ ਵਿਚਾਰ ਨਾਲ ਸਹਿਮਤੀ ਜਤਾਈ। ਇਸ ਦੇ ਨਾਲ ਹੀ ਬੈਂਚ ਨੇ 3-2 ਦੇ ਬਹੁਮਤ ਨਾਲ ਸਮਲਿੰਗੀ ਜੋੜਿਆਂ ਨੂੰ ਗੋਦ ਲੈਣ ਦਾ ਅਧਿਕਾਰ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਦੇ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਮਲਿੰਗੀਆਂ ਦੇ ਅਧਿਕਾਰਾਂ ਦੀ ਪਛਾਣ ਕਰਨ ਲਈ ਕਮੇਟੀ ਬਣਾਏ ਤੇ ਉਨ੍ਹਾਂ ਨੂੰ ਕੁੁਝ ਅਧਿਕਾਰ ਤੇ ਸਮਾਜੀ ਸੁਰੱਖਿਆ ਦਾ ਲਾਭ ਦੇਵੇ।



