ਬੀਜਿੰਗ ’ਚ ਅੱਜ ਨਵੇਂ ਯੁੱਗ ਦੀ ਕੌਮਿਟਰਨ

0
242

ਬੀਜਿੰਗ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੰਗਲਵਾਰ ਦੋ ਦਿਨਾ ਦੌਰੇ ’ਤੇ ਬੀਜਿੰਗ ਪੁੱਜੇ, ਜਿੱਥੇ ਉਹ ਤੀਜੇ ‘ਬੈੱਲਟ ਐਂਡ ਰੋਡ ਫੋਰਮ ਫਾਰ ਇੰਟਰਨੈਸ਼ਨਲ ਕੋਆਪ੍ਰੇਸ਼ਨ’ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਇਹ ਸੰਮੇਲਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੁਨੀਆ-ਭਰ ਵਿਚ ਚਲਾਏ ਜਾ ਰਹੇ ਪ੍ਰੋਜੈਕਟ ਦੀ ਦਸਵੀਂ ਵਰ੍ਹੇਗੰਢ ’ਤੇ ਸੱੱਦਿਆ ਹੈ। ਫੋਰਮ ਦਾ ਮੁੱਖ ਪ੍ਰੋਗਰਾਮ 18 ਅਕਤੂਬਰ ਨੂੰ ਹੋਣਾ ਹੈ। ਸੰਮੇਲਨ, ਜਿਹੜਾ ਇਕ ਤਰ੍ਹਾਂ ਨਾਲ ਨਵੇਂ ਯੁੱਗ ਦੀ ‘ਕੌਮਿਟਰਨ’ ਦਾ ਝਲਕਾਰਾ ਹੋਵੇਗਾ, ਵਿਚ ਦੇਸ਼ਾਂ ਤੇ ਸਰਕਾਰਾਂ ਦੇ ਘੱਟੋ-ਘੱਟ 20 ਮੁਖੀਆਂ ਸਮੇਤ 100 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈਣਗੇ। ਇਨ੍ਹਾਂ ਵਿਚ ਬਹੁਤੇ ਦੱਖਣ-ਪੂਰਬ, ਦੱਖਣ ਏਸ਼ੀਆ, ਮੱਧ-ਪੂਰਬ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਹਨ। ਸ੍ਰੀਲੰਕਾ, ਜ਼ਾਂਬੀਆ ਤੇ ਕੀਨੀਆ ਦੇ ਆਗੂ ਵੀ ਪੁੱਜ ਰਹੇ ਹਨ। ਚੀਨ ਨੇ ਕੀਨੀਆ ਵਿਚ 592 ਕਿੱਲੋਮੀਟਰ ਲੰਮੀ ਮੋਂਬਾਸਾ-ਨੈਰੋਬੀ ਰੇਲ ਲਾਈਨ ਵਿਛਾਈ ਹੈ। ਇੰਡੋਨੇਸ਼ੀਆ ਵਿਚ ਪਹਿਲੀ ਹਾਈ ਸਪੀਡ ਰੇਲ ਚਲਾਈ ਹੈ। ਚੀਨ ਇਸ ਪ੍ਰੋਜੈਕਟ ਤਹਿਤ ਦੁਨੀਆ-ਭਰ ਵਿਚ ਰੇਲ ਲਾਈਨਾਂ ਤੇ ਸੜਕਾਂ ਦਾ ਜਾਲ ਵਿਛਾ ਰਿਹਾ ਹੈ। ਨਾਲ ਲੱਗਦੇ ਪ੍ਰੋਜੈਕਟਾਂ ਦਾ ਫੈਸਲਾ ਸੰਬੰਧਤ ਦੇਸ਼ ਲੈਂਦੇ ਹਨ ਤੇ ਚੀਨ ਮਾਲੀ ਤੇ ਤਕਨੀਕੀ ਮਦਦ ਕਰਦਾ ਹੈ।
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ 7.3 ਅਰਬ ਡਾਲਰ ਦੀ ਚੀਨੀ ਮਦਦ ਨਾਲ ਬਣੀ 142 ਕਿੱਲੋਮੀਟਰ ਲੰਮੀ ਜਕਾਰਤਾ-ਬਾਂਡੁੰਗ ਹਾਈ ਸਪੀਡ ਰੇਲ ਲਾਈਨ ’ਤੇ ਹਾਈ ਸਪੀਡ ਗੱਡੀ ਚਲਾਉਣ ਦੀ ਸ਼ੁਰੂਆਤ ਕੀਤੀ। ਅਮਰੀਕਾ ਦੀ ਅਗਵਾਈ ਵਾਲੇ ਪੱਛਮੀ ਦੇਸ਼ ਚੀਨ ਦੇ ਇਸ ਪ੍ਰੋਜੈਕਟ ਦੀ ਮੁਖਾਲਫਤ ਕਰ ਰਹੇ ਹਨ, ਪਰ ਵਿਕਾਸਸ਼ੀਲ ਤੇ ਗਰੀਬ ਦੇਸ਼ ਚੀਨੀ ਮਦਦ ਨਾਲ ਆਪਣੇ ਦੇਸ਼ਾਂ ਵਿਚ ਸੜਕੀ ਤੇ ਰੇਲ ਢਾਂਚੇ ਵਿਕਸਤ ਕਰਨ ਲਈ ਉਤਾਵਲੇ ਹਨ। ਸਿਖਰ ਸੰਮੇਲਨ ਵਿਚ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਤਰ ਓਰਬਨ ਤੇ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਡੇਜ਼ ਵੀ ਹਿੱਸਾ ਲੈ ਰਹੇ ਹਨ।

LEAVE A REPLY

Please enter your comment!
Please enter your name here