ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਫਸਲੀ ਸੀਜ਼ਨ 2024-25 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ’ਚ 150 ਰੁਪਏ ਵਧਾ ਕੇ 2275 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਮਸਰ ਦੀ ਦਾਲ ਦੀ ਐੱਮ ਐੱਸ ਪੀ ’ਚ 425 ਰੁਪਏ, ਛੋਲਿਆਂ ’ਚ 105 ਰੁਪਏ, ਜੌਂ ’ਚ 115 ਰੁਪਏ ਅਤੇ ਤੇਲ ਬੀਜਾਂ ਤੇ ਸਰ੍ਹੋਂ ਦੀ ਐੱਮ ਐੱਸ ਪੀ ’ਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ ਏ ’ਚ 4 ਫੀਸਦੀ ਵਾਧੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡੀ ਏ ’ਚ ਆਖਰੀ ਵਾਧਾ ਮਾਰਚ 2023 ’ਚ ਕੀਤਾ ਗਿਆ ਸੀ।
ਚੀਨੀ ਬਰਾਮਦ ’ਤੇ ਰੋਕ ਵਧੀ
ਸਰਕਾਰ ਨੇ ਚੀਨੀ ਦੀ ਬਰਾਮਦ ’ਤੇ ਪਾਬੰਦੀ 31 ਅਕਤੂਬਰ ਤੋਂ ਅੱਗੇ ਵਧਾ ਦਿੱਤੀ ਹੈ। ਇਸ ਕਦਮ ਦਾ ਉਦੇਸ਼ ਤਿਉਹਾਰੀ ਸੀਜ਼ਨ ਦੌਰਾਨ ਘਰੇਲੂ ਬਾਜ਼ਾਰ ’ਚ ਚੀਨੀ ਦੀ ਬਿਹਤਰ ਉਪਲਬੱਧਤਾ ਨੂੰ ਯਕੀਨੀ ਬਣਾਉਣਾ ਹੈ।
ਇਸ ਤੋਂ ਪਹਿਲਾਂ ਚੀਨੀ ਦੀ ਬਰਾਮਦ ’ਤੇ ਪਾਬੰਦੀ 31 ਅਕਤੂਬਰ ਤੱਕ ਸੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਨੋਟੀਫਿਕੇਸ਼ਨ ’ਚ ਕਿਹਾਚੀਨੀ (ਕੱਚੀ ਚੀਨੀ, ਚਿੱਟੀ ਚੀਨੀ, ਰਿਫਾਈਨਡ ਚੀਨੀ ਅਤੇ ਜੈਵਿਕ ਚੀਨੀ) ਦੀ ਬਰਾਮਦ ਉੱਤੇ ਰੋਕ 31 ਅਕਤੂਬਰ 2023 ਤੋਂ ਅੱਗੇ ਵਧਾ ਦਿੱਤੀ ਗਈ ਹੈ। ਹੋਰ ਸ਼ਰਤਾਂ ’ਚ ਕੋਈ ਬਦਲਾਅ ਨਹੀਂ ਹੋਇਆ।
7 ਦੇਸ਼ਾਂ ਨੂੰ ਗੈਰ-ਬਾਸਮਤੀ ਚੌਲਾਂ ਦੀ ਬਰਾਮਦ
ਸਰਕਾਰ ਨੇ 7 ਦੇਸ਼ਾਂ ਨੂੰ 10,34,800 ਟਨ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੀ ਇਜਾਜ਼ਤ ਦੇ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਬਰਾਮਦ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਟਿਡ ਰਾਹੀਂ ਕੀਤੀ ਜਾਵੇਗੀ। ਭਾਰਤ ਨੇ ਘਰੇਲੂ ਸਪਲਾਈ ਵਧਾਉਣ ਲਈ 20 ਜੁਲਾਈ ਤੋਂ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਗਾਈ ਹੋਈ ਹੈ, ਪਰ ਕੁਝ ਦੇਸ਼ਾਂ ਨੂੰ ਉਨ੍ਹਾਂ ਦੀਆਂ ਖੁਰਾਕ ਲੋੜਾਂ ਦੇ ਮੱਦੇਨਜ਼ਰ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਦੇਸ਼ਾਂ ਵਿਚ ਨੇਪਾਲ, ਕੈਮਰੂਨ, ਕੋਟ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲਪੀਨਜ਼ ਅਤੇ ਸੈਸ਼ੇਲਸ ਸ਼ਾਮਲ ਹਨ।


