27.5 C
Jalandhar
Friday, October 18, 2024
spot_img

ਪੱਛਮ ਵਿਕਾਸਸ਼ੀਲ ਦੇਸ਼ਾਂ ਨੂੰ ਚੀਨ ਖਿਲਾਫ਼ ਭੜਕਾਉਣ ਤੋਂ ਬਾਜ਼ ਆਏ : ਜਿਨਪਿੰਗ

ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਬੈੱਲਟ ਐਂਡ ਰੋਡ ਇਨੀਸ਼ਿਏਟਿਵ (ਬੀ ਆਰ ਆਈ) ਫੋਰਮ ਦੀ ਮੀਟਿੰਗ ਦਾ ਉਦਘਾਟਨ ਕਰਦਿਆਂ ਪੱਛਮੀ ਦੇਸ਼ਾਂ ਵੱਲੋਂ ਚੀਨ ਵਿਰੁੱਧ ਕੂੜ-ਪ੍ਰਚਾਰ ਕਰਨ ਦੀ ਨੁਕਤਾਚੀਨੀ ਕੀਤੀ। ਉਨ੍ਹਾ ਕਿਹਾ ਕਿ ਪੱਛਮੀ ਦੇਸ਼ ਹੋਰਨਾਂ ਦੇਸ਼ਾਂ ’ਤੇ ਚੀਨੀ ਅਰਥਚਾਰੇ ’ਤੇ ਨਿਰਭਰਤਾ ਘਟਾਉਣ ਲਈ ਦਬਾਅ ਪਾ ਰਹੇ ਹਨ, ਜਦਕਿ ਬੀ ਆਰ ਆਈ ਨਾਲ ਏਸ਼ੀਆ, ਅਫਰੀਕਾ ਤੇ ਯੂਰਪੀ ਦੇਸ਼ਾਂ ਵਿਚ ਆਈ ਖੁਸ਼ਹਾਲੀ ਸਾਫ ਨਜ਼ਰ ਆ ਰਹੀ ਹੈ। ਬੀ ਆਰ ਆਈ ਫੋਰਮ ਦੇ 10 ਸਾਲ ਹੋਣ ’ਤੇ ਆਯੋਜਿਤ ਤੀਜੀ ਮੀਟਿੰਗ ਵਿਚ 130 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਣੇ ਕਈ ਦੇਸ਼ਾਂ ਦੇ ਮੁਖੀ ਸ਼ਾਮਲ ਹਨ। ਜਿਨਪਿੰਗ ਨੇ ਕਿਹਾਅਸੀਂ ਇਕਤਰਫਾ ਪਾਬੰਦੀਆਂ, ਮਾਲੀ ਧੱਕੇਸ਼ਾਹੀ ਤੇ ਸਪਲਾਈ ਚੇਨ ਵਿਚ ਵਿਘਨ ਪਾਉਣ ਦੇ ਖਿਲਾਫ ਹਾਂ। ਸਾਡੀਆਂ ਜ਼ਿੰਦਗੀਆਂ ਬਿਹਤਰ ਨਹੀਂ ਬਣਨਗੀਆਂ ਤੇ ਅਸੀਂ ਵਿਕਾਸ ਨਹੀਂ ਕਰ ਸਕਾਂਗੇ, ਜੇ ਦੂਜੇ ਦੀ ਤਰੱਕੀ ਤੋਂ ਖਾਰ ਖਾਵਾਂਗੇ। ਇਸ ਮੌਕੇ ਜਿਨਪਿੰਗ ਨੇ ਹਾਈ-ਕੁਆਲਿਟੀ ਦੀ ਬੈੱਲਟ ਐਂਡ ਰੋਡ ਮਿਲਵਰਤਨ ਲਈ 8 ਨਵੇਂ ਪ੍ਰਮੁੱਖ ਕਦਮਾਂ ਦਾ ਐਲਾਨ ਕੀਤਾ। ਉਨ੍ਹਾ ਕਿਹਾ ਕਿ ਚੀਨ ਮੈਨੂੰਫੈਕਚਰਿੰਗ ਸੈਕਟਰ ਵਿਚ ਵਿਦੇਸ਼ੀ ਨਿਵੇਸ਼ ਦੀਆਂ ਸਾਰੀਆਂ ਰੋਕਾਂ ਹਟਾ ਦੇਵੇਗਾ। ਦੁਨੀਆ ਭਰ ਦੇ ਦੇਸ਼ਾਂ ਵਿਚ ਵੱਡੇ ਰੇਲ ਤੇ ਸੜਕੀ ਪ੍ਰੋਜੈਕਟ ਉਸਾਰੇਗਾ। ਚਾਈਨਾ ਡਿਵੈੱਲਪਮੈਂਟ ਬੈਂਕ ਅਤੇ ਐਕਸਪੋਰਟ-ਇੰਪੋਰਟ ਬੈਂਕ ਆਫ ਚਾਈਨਾ ਹੋਰਨਾਂ ਦੇਸ਼ਾਂ ਦੀ 48.75-48.75 ਅਰਬ ਡਾਲਰ ਦੀ ਮਦਦ ਕਰਨਗੀਆਂ। ਸਿਲਕ ਰੋਡ ਫੰਡ ਵਿਚ ਹੋਰ 80 ਅਰਬ ਡਾਲਰ ਪਾਏ ਜਾਣਗੇ। ਚੀਨ ਹੋਰਨਾਂ ਦੇਸ਼ਾਂ ਵਿਚ ਮੁਕਾਮੀ ਲੋੜਾਂ ਮੁਤਾਬਕ ਇਕ ਹਜ਼ਾਰ ਛੋਟੇ ਪ੍ਰੋਜੈਕਟਾਂ ਲਈ ਵੀ ਮਦਦ ਕਰੇਗਾ। ਉਨ੍ਹਾ ਕਿਹਾ ਕਿ ਇਸ ਮੀਟਿੰਗ ਦੇ ਨਾਲ ਵੱਖ-ਵੱਖ ਦੇਸ਼ਾਂ ਦੇ ਕਾਰੋਬਾਰੀਆਂ ਦੀ ਸੀ ਈ ਓ ਕਾਨਫਰੰਸ ਵਿਚ 97.2 ਅਰਬ ਡਾਲਰ ਦੇ ਸਮਝੌਤੇ ਸਹੀਬੰਦ ਹੋਏ ਹਨ। ਭਾਰਤ ਅਧਾਰਤ ਸਿਲਕ ਰੂਟ ਟਰੇਡ ਐਂਡ ਇੰਡਸਟਰੀ ਡਿਵੈੱਲਪਮੈਂਟ ਕਾਰਪੋਰੇਸ਼ਨ ਦੇ ਸੀ ਈ ਓ ਮਨਸੂਰ ਨਦੀਮ ਲਾਰੀ ਨੇ ਕਿਹਾ ਕਿ ਭਾਰਤੀ ਕੰਪਨੀਆਂ ਚੀਨ ਨਾਲ ਮਿਲਵਰਤਨ ਵਿਚ ਕਾਫੀ ਮੌਕੇ ਦੇਖਦੀਆਂ ਹਨ, ਭਾਵੇਂ ਕਿ ਭਾਰਤ ਅਜੇ ਬੀ ਆਰ ਆਈ ਵਿਚ ਸ਼ਾਮਲ ਨਹੀਂ ਹੋਇਆ।

Related Articles

LEAVE A REPLY

Please enter your comment!
Please enter your name here

Latest Articles