ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਅਡਾਨੀ ਸਮੂਹ ’ਤੇ ਕੋਲਾ ਦਰਾਮਦ ਦੇ ਬਿੱਲਾਂ ਨੂੰ ਵਧਾ-ਚੜ੍ਹਾ ਕੇ ਦਿਖਾਉਣ ਅਤੇ ਲੋਕਾਂ ਦੇ 12,000 ਕਰੋੜ ਰੁਪਏ ਹੜੱਪਣ ਦਾ ਦੋਸ਼ ਲਗਾਇਆ। ਉਨ੍ਹਾ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਅਡਾਨੀ ਸਮੂਹ ਨੇ ਕੋਲਾ ਦਰਾਮਦ ਦੀ ਓਵਰ-ਇਨਵਾਇਸਿੰਗ ਨਾਲ ਲੋਕਾਂ ਨੂੰ ਬਿਜਲੀ ਦੇ 12,000 ਕਰੋੜ ਰੁਪਏ ਤੋਂ ਵੱਧ ਅਦਾ ਕਰਨ ਲਈ ਮਜਬੂਰ ਕੀਤਾ। ਪ੍ਰਧਾਨ ਮੰਤਰੀ ਇਸ ਦੀ ਜਾਂਚ ਦੇ ਹੁਕਮ ਦੇਣ।
ਰਾਹੁਲ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਇਸ ਮਾਮਲੇ ਦੀ ਜਾਂਚ ਕਰਾਏਗੀ। ਉਨ੍ਹਾ ਪ੍ਰਧਾਨ ਮੰਤਰੀ ਦੀ ਚੁੱਪੀ ’ਤੇ ਸਵਾਲ ਉਠਾਉਦਿਆਂ ਕਿਹਾ ਕਿ ਉਹ ਜਾਂਚ ਕਿਉ ਨਹੀਂ ਕਰਾਉਦੇ। ਜਾਂਚ ਕਰਾਉਣਗੇ ਤਾਂ ਉਨ੍ਹਾ ਦੀ ਸਾਖ ਹੀ ਵਧੇਗੀ। ਉਨ੍ਹਾ ਫਾਇਨੈਂਸ਼ੀਅਲ ਟਾਈਮਜ਼ ਅਖਬਾਰ ਵੀ ਦਿਖਾਈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਡਾਨੀ ਸਮੂਹ ਨੇ ਮਾਰਕਿਟ ਰੇਟ ਨਾਲੋਂ ਵੱਧ ਦੇ ਹਿਸਾਬ ਨਾਲ ਅਰਬਾਂ ਰੁਪਏ ਦਾ ਕੋਲਾ ਦਰਾਮਦ ਕੀਤਾ ਦਰਸਾਇਆ।
ਇਸ ਨੇ ਇੰਡੋਨੇਸ਼ੀਆ ਤੋਂ ਜਿਹੜਾ ਕੋਲਾ ਖਰੀਦਿਆ, ਉਸ ਦਾ ਰੇਟ ਭਾਰਤ ਪੁੱਜਦਿਆਂ ਦੁੱਗਣਾ ਹੋ ਗਿਆ। ਕੋਲੇ ਦੀ ਓਵਰ-ਇਨਵਾਇਸਿੰਗ ਨਾਲ ਬਿਜਲੀ ਦੇ ਰੇਟਾਂ ’ਤੇ ਫਰਕ ਪਿਆ ਤੇ ਲੋਕਾਂ ਨੂੰ ਵੱਧ ਰੇਟ ਭਰਨੇ ਪਏ। ਕੁਝ ਕਾਂਗਰਸੀ ਸਰਕਾਰਾਂ ਨੂੰ ਸਬਸਿਡੀ ਦੇਣੀ ਪਈ। ਰਾਹੁਲ ਨੇ ਕਿਹਾ ਕਿ ਇਸ ਖਬਰ ਨੇ ਦੁਨੀਆ ਦੇ ਕਿਸੇ ਹੋਰ ਦੇਸ਼ ਦੀ ਸਰਕਾਰ ਡੇਗ ਦੇਣੀ ਸੀ, ਪਰ ਭਾਰਤ ਵਿਚ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਪ੍ਰਧਾਨ ਮੰਤਰੀ ਅਡਾਨੀ ਨੂੰ ਬਚਾਉਣ ’ਤੇ ਹੀ ਲੱਗੇ ਹੋਏ ਹਨ।





