25 C
Jalandhar
Sunday, September 8, 2024
spot_img

ਦੁਨੀਆ ਭਰ ’ਚ ਇਜ਼ਰਾਈਲ-ਅਮਰੀਕਾ ਮੁਰਦਾਬਾਦ

ਬੇਰੂਤ : ਗਾਜ਼ਾ ਦੇ ਅਲ-ਅਹਲੀ ਅਲ-ਅਰਬੀ ਹਸਪਤਾਲ ’ਤੇ ਇਜ਼ਰਾਈਲੀ ਹਮਲੇ ਤੋਂ ਬਾਅਦ ਮੱਧ-ਪੂਰਬ ਤੇ ਉੱਤਰੀ ਅਫਰੀਕੀ ਦੇਸ਼ਾਂ ਵਿਚ ਹਜ਼ਾਰਾਂ ਲੋਕਾਂ ਨੇ ਰੋਹ-ਭਰੇ ਪ੍ਰਦਰਸ਼ਨ ਕੀਤੇ। ਜਾਰਡਨ, ਤੁਰਕੀ, ਲਿਬਨਾਨ, ਟਿਊਨੀਸ਼ੀਆ, ਈਰਾਨ ਤੇ ਇਰਾਕ ਤੋਂ ਇਲਾਵਾ ਪੱਛਮੀ ਕੰਢੇ ਦੇ ਫਲਸਤੀਨੀ ਸ਼ਹਿਰ ਰਾਮੱਲਾ ਵਿਚ ਆਪ-ਮੁਹਾਰੇ ਮੁਜ਼ਾਹਰੇ ਹੋਏ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਕੇਂਦਰੀ ਗਾਜ਼ਾ ਦੇ ਹਸਪਤਾਲ, ਜਿੱਥੇ ਉਜੜੇ ਫਲਸਤੀਨੀਆਂ ਨੇ ਪਨਾਹ ਲਈ ਹੋਈ ਸੀ, ਉੱਤੇ ਹਮਲੇ ’ਚ 500 ਤੋਂ ਵੱਧ ਲੋਕ ਮਾਰੇ ਗਏ ਹਨ। ਈਰਾਨ ਵਿਚ ਘੱਟੋ-ਘੱਟ ਅੱਧੀ ਦਰਜਨ ਸ਼ਹਿਰਾਂ ਵਿਚ ਮੁਜ਼ਾਹਰੇ ਹੋਏ ਹਨ। ਇਸੇ ਦੌਰਾਨ ਜਾਰਡਨ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਅਰਬ ਨੇਤਾਵਾਂ ਵਿਚਾਲੇ ਹੋਣ ਵਾਲੀ ਸਿਖਰ ਵਾਰਤਾ ਰੱਦ ਕਰ ਦਿੱਤੀ ਗਈ ਹੈ। ਇਸ ਨਾਲ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਲਈ ਸਮਰਥਨ ਪ੍ਰਾਪਤ ਕਰਨ ਲਈ ਅਮਰੀਕੀ ਕੂਟਨੀਤਕ ਕੋਸ਼ਿਸ਼ਾਂ ਨੂੰ ਝਟਕਾ ਲੱਗਿਆ ਹੈ। ਜਾਰਡਨ ਦੇ ਵਿਦੇਸ਼ ਮੰਤਰੀ ਅਯਮਨ ਸਫਾਦੀ ਨੇ ਐਲਾਨ ਕੀਤਾ ਕਿ ਜਾਰਡਨ ਦੇ ਬਾਦਸ਼ਾਹ ਅਬਦੁੱਲਾ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਅਤੇ ਫਲਸਤੀਨੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅੱਬਾਸ ਨਾਲ ਬਾਇਡਨ ਦੀ ਤੈਅ ਸਿਖਰ ਵਾਰਤਾ ਰੱਦ ਕਰ ਦਿੱਤੀ ਗਈ ਹੈ। ਉਧਰ, ਇਜ਼ਰਾਈਲ ਪੁੱਜੇ ਜੋਅ ਬਾਇਡਨ ਨੇ ਤਲਅਵੀਵ ਵਿਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਦੁਵੱਲੀ ਮੀਟਿੰਗ ਕੀਤੀ। ਉਨ੍ਹਾ ਆਪਣੀ ਯਾਤਰਾ ਇਹ ਦਿਖਾਉਣ ਲਈ ਕੀਤੀ ਕਿ ਅਮਰੀਕਾ ਯਹੂਦੀਆਂ ਨਾਲ ਖੜ੍ਹਾ ਹੈ। ਉਨ੍ਹਾ ਸਪੱਸ਼ਟ ਕੀਤਾ ਕਿ ਗਾਜ਼ਾ ਪੱਟੀ ਦੇ ਹਸਪਤਾਲ ’ਚ ਧਮਾਕਾ ਕਿਸੇ ਹੋਰ ਨੇ ਕੀਤਾ ਹੈ, ਨਾ ਕਿ ਇਜ਼ਰਾਈਲੀ ਫੌਜ ਨੇ।

Related Articles

LEAVE A REPLY

Please enter your comment!
Please enter your name here

Latest Articles