ਨਿਊ ਯਾਰਕ : ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਸ਼ਹਿਰ ਦੇ ਸਿੱਖ ਮੇਅਰ ਨੇ ਕਿਹਾ ਹੈ ਕਿ ਉਨ੍ਹਾ ਨੂੰ ਈਮੇਲ ਰਾਹੀਂ ਨਫਰਤ-ਭਰੇ ਸੰਦੇਸ਼ ਮਿਲੇ ਹਨ, ਜਿਸ ਵਿੱਚ ਧਮਕੀ ਦਿੱਤੀ ਗਈ ਹੈ ਕਿ ਜੇ ਉਹ ਅਸਤੀਫਾ ਨਹੀਂ ਦਿੰਦੇ ਤਾਂ ਉਨ੍ਹਾ ਨੂੰ ਪਰਵਾਰ ਸਣੇ ਮਾਰ ਦਿੱਤਾ ਜਾਵੇਗਾ। ਰਵੀ ਭੱਲਾ, ਜੋ ਨਵੰਬਰ 2017 ’ਚ ਹੋਬੋਕੇਨ ਸਿਟੀ ਦੇ ਮੇਅਰ ਚੁਣੇ ਜਾਣ ਵਾਲੇ ਪਹਿਲੇ ਸਿੱਖ ਹਨ, ਨੇ ਕਿਹਾ ਸਾਲ ਤੋਂ ਵੱਧ ਸਮਾਂ ਪਹਿਲਾਂ ਭੇਜੇ ਗਏ ਪਹਿਲੇ ਸੰਦੇਸ਼ ’ਚ ਉਨ੍ਹਾ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ, ਜਦੋਂ ਕਿ ਦੂਜੇ ਸੰਦੇਸ਼ ਨੇ ਉਨ੍ਹਾ ਦੀ ਜਾਨ ਨੂੰ ਖਤਰਾ ਪੈਦਾ ਕਰ ਦਿੱਤਾ ਸੀ। ਤੀਜੇ ਸੰਦੇਸ਼ ਨੇ ਉਨ੍ਹਾ ਤੇ ਪਰਵਾਰ ਨੂੰ ਖੌਫਜ਼ਦਾ ਕਰ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਇਹ ਉਨ੍ਹਾ ਲਈ ਆਖਰੀ ਚਿਤਾਵਨੀ ਹੈ। ਜੇ ਤੁਰੰਤ ਅਸਤੀਫਾ ਨਾ ਦਿੱਤਾ ਤਾਂ ਉਨ੍ਹਾ ਤੇ ਉਨ੍ਹਾ ਦੀ ਪਤਨੀ ਤੇ ਬੱਚਿਆਂ ਨੂੰ ਕਤਲ ਕਰ ਦਿੱਤਾ ਜਾਵੇਗਾ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਭੱਲਾ ਦੇ ਦੋ ਬੱਚਿਆਂ, ਜਿਨ੍ਹਾਂ ਦੀ ਉਮਰ 15 ਅਤੇ 11 ਸਾਲ ਹੈ, ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਹੈ।



