ਆਸਾਮ ਦੇ ਕਛਾਰ ਜ਼ਿਲ੍ਹੇ ਵਿਚ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਸ ਦੀ ਗੋਲੀਬਾਰੀ ਵਿਚ ਦੋ ਮੁਲਜ਼ਮ ਮਾਰੇ ਗਏ | ਸੂਬੇ ਵਿਚ ਪੁਲਸ ਹੱਥੋਂ ਮਾਰੇ ਜਾਣ ਵਾਲੇ ਬਹੁਤੇ ਮਾਮਲਿਆਂ ਦੀ ਕਹਾਣੀ ਇਹੀ ਹੁੰਦੀ ਹੈ ਕਿ ਮੁਲਜ਼ਮ ਭੱਜਣ ਦੀ ਕੋਸ਼ਿਸ਼ ਵਿਚ ਮਾਰੇ ਗਏ | ਕਛਾਰ ਦੀ ਐੱਸ ਪੀ ਰਮਨਦੀਪ ਕੌਰ ਮੁਤਾਬਕ ਦੋਵਾਂ ਮੁਲਜ਼ਮਾਂ ਵਿਚੋਂ ਇਕ ਜਬਰਨ ਵਸੂਲੀ, ਅਗਵਾ, ਡਕੈਤੀ ਤੇ ਵਾਹਨ ਚੋਰੀ ਦੇ ਗੰਭੀਰ ਮਾਮਲਿਆਂ ਵਿਚ ਸ਼ਾਮਲ ਸੀ ਤੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਲੋੜੀਂਦੇ ਮੁਲਜ਼ਮਾਂ ਦੀ ਲਿਸਟ ‘ਚ ਸੀ | ਐੱਸ ਪੀ ਨੇ ਦੱਸਿਆ ਕਿ ਸਿਲਚਰ ਥਾਣੇ ਦੀ ਪੁਲਸ ਜ਼ਮੀਨ ਝਗੜੇ ਵਿਚ ਲੋੜੀਂਦੇ ਇਕ ਵਿਅਕਤੀ ਦੀ ਭਾਲ ਵਿਚ ਸੀ | ਪੁਲਸ ਦੀ ਟੀਮ ਜੋਰਬਾਟ ਇਲਾਕੇ ਵਿਚ ਇਕ ਵਾਹਨ ਵਿਚੋਂ ਉਸ ਨੂੰ ਫੜਨ ‘ਚ ਸਫਲ ਰਹੀ ਅਤੇ ਉਸ ਦੇ ਨਾਲ ਲੋੜੀਂਦੇ ਇਕ ਅਪਰਾਧੀ ਸਣੇ ਦੋ ਹੋਰ ਬੰਦੇ ਵੀ ਫੜੇ ਗਏ | ਇਹ ਤਿੰਨੇ ਕਮਰੁਲ ਇਸਲਾਮ ਉਰਫ ਲਕੋਈ (35), ਅਬੁਲ ਹੁਸੈਨ ਬਰਭੁਆ ਉਰਫ ਅਬੂ (26) ਤੇ ਅਨਵਰ ਹੁਸੈਨ ਲਸ਼ਕਰ ਉਰਫ ਅੱਪੂ ਸਨ | ਪੁਲਸ ਦੋ ਜੁਲਾਈ ਦੀ ਰਾਤ ਇਨ੍ਹਾਂ ਨੂੰ ਦੋ ਗੱਡੀਆਂ ਵਿਚ ਸਿਲਚਰ ਲਿਆ ਰਹੀ ਸੀ ਤਾਂ ਕਮਰੁਲ ਇਸਲਾਮ ਤੇ ਅਨਵਰ ਹੁਸੈਨ ਨੇ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਸ ਨੇ ਰੋਕਣ ਲਈ ਗੋਲੀਆਂ ਚਲਾਈਆਂ | ਉਹ ਜ਼ਖਮੀ ਹੋ ਗਏ ਤੇ ਕਲੈਨ ਦੇ ਮੁਢਲੇ ਸਿਹਤ ਕੇਂਦਰ ਵਿਚ ਮੁਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸਿਲਚਰ ਮੈਡੀਕਲ ਕਾਲਜ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨਿਆ | ਸੂਬੇ ਵਿਚ ਮਈ 2021 ‘ਚ ਹੇਮੰਤ ਬਿਸਵਾ ਸਰਮਾ ਦੀ ਅਗਵਾਈ ‘ਚ ਭਾਜਪਾ ਸਰਕਾਰ ਬਣੀ ਸੀ | ਬੀਤੇ ਜੂਨ ਵਿਚ ਆਸਾਮ ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਸਰਮਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 13 ਮਹੀਨਿਆਂ ਵਿਚ ਸੂਬੇ ‘ਚ ਹਿਰਾਸਤ ਵਿਚੋਂ ਕਥਿਤ ਤੌਰ ‘ਤੇ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਸ ਦੀ ਕਾਰਵਾਈ ਦੀਆਂ 161 ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ 51 ਮੁਲਜ਼ਮਾਂ ਦੀ ਮੌਤ ਹੋ ਗਈ ਤੇ 139 ਜ਼ਖਮੀ ਹੋ ਗਏ | ਪੁਲਸ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਮੁੱਖ ਮੰਤਰੀ ਸਰਮਾ ਨੇ ਵਾਜਬ ਠਹਿਰਾਉਂਦਿਆਂ ਕਿਹਾ ਸੀ ਕਿ ਅਪਰਾਧੀ ਜੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਜਾਂ ਗੋਲੀਬਾਰੀ ਕਰਨ ਲਈ ਪੁਲਸ ਤੋਂ ਹਥਿਆਰ ਖੋਂਹਦਾ ਹੈ ਤਾਂ ਮੁਕਾਬਲਾ ਇਕ ਪੈਟਰਨ ਹੋਣਾ ਚਾਹੀਦਾ ਹੈ | ਐਡਵੋਕੇਟ ਆਰਿਫ ਮੁਹੰਮਦ ਯਾਸੀਨ ਜਵਾਦਰ ਨੇ ਪਿਛਲੇ ਸਾਲ ਆਸਾਮ ਸਰਕਾਰ ਦੀ ਮੁਕਾਬਲਿਆਂ ਵਿਚ ਮਾਰਨ ਦੀ ਰਫਤਾਰ ਖਿਲਾਫ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਉਂਦਿਆਂ ਕਿਹਾ ਸੀ ਕਿ ਮਾਰੇ ਜਾਣ ਵਾਲਿਆਂ ‘ਤੇ ਡਰੱਗ ਸਮਗਲਿੰਗ, ਪਸ਼ੂ ਸਮਗਲਿੰਗ ਤੇ ਡਕੈਤੀਆਂ ਜਿਹੇ ਮਾਮਲੇ ਪਾਏ ਹੋਏ ਸਨ | ਇਹ ਨਿੱਕੇ ਅਪਰਾਧੀ ਸਨ, ਦਹਿਸ਼ਤਗਰਦ ਨਹੀਂ ਸਨ, ਜਿਨ੍ਹਾਂ ਨੂੰ ਹਥਿਆਰ ਚਲਾਉਣ ਦੀ ਮੁਹਾਰਤ ਹਾਸਲ ਹੋਵੇ | ਇਸ ਤੋਂ ਸਾਫ ਹੈ ਕਿ ਸਰਮਾ ਸਰਕਾਰ ਦਹਿਸ਼ਤ ਪਾ ਕੇ ਰਾਜ ਕਰ ਰਹੀ ਹੈ, ਜਿਸ ਲਈ ਕਿ ਭਾਰਤ ਵਰਗੇ ਜਮਹੂਰੀ ਦੇਸ਼ ਵਿਚ ਕੋਈ ਥਾਂ ਨਹੀਂ | ਆਸਾਮ ਹੀ ਨਹੀਂ, ਭਾਜਪਾ ਦੀਆਂ ਹੋਰਨਾਂ ਰਾਜਾਂ ਦੀਆਂ ਸਰਕਾਰਾਂ, ਖਾਸਕਰ ਯੂ ਪੀ ਸਰਕਾਰ ਵੀ ਗੋਲੀ ਦਾ ਰਾਜ ਚਲਾ ਰਹੀਆਂ ਹਨ | ਇਸ ਨੂੰ ਨਿਆਂ ਪਾਲਿਕਾ ਹੀ ਰੋਕ ਸਕਦੀ ਹੈ, ਜਿਹੜੀ ਕਿ ਅਜੇ ਤੱਕ ਨਿਰਾਸ਼ ਹੀ ਕਰ ਰਹੀ ਹੈ |





