ਮੋਗਾ (ਅਮਰਜੀਤ ਬੱਬਰੀ)-ਦੇਸ਼ ਭਰ ’ਚ ਠੇਕਾ ਅਧਾਰਤ, ਸਕੀਮ ਵਰਕਰਜ਼ ਤੇ ਆਊਟਸੋਰਸ ਭਰਤੀ ਦੀ ਥਾਂ ਸਾਰੀ ਭਰਤੀ ਰੈਗੂਲਰ ਤੌਰ ’ਤੇ ਪੂਰੇ ਤਨਖ਼ਾਹ ਸਕੇਲ ਤੇ ਭੱਤਿਆਂ ਸਮੇਤ ਕਰਨ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕਰਨ, ਸਾਰੇ ਪੁਰਾਣੇ ਕਿਰਤ ਕਾਨੂੰਨਾਂ ਦੀ ਬਹਾਲੀ ਕਰਨ, ਤਨਖ਼ਾਹ ਕਮਿਸ਼ਨ ਅਤੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਡੀ ਏ ਰੈਗੂਲਰ ਤੌਰ ’ਤੇ ਅਦਾ ਕਰਨ, ਇੱਕਸਮਾਨ ਕੰਮ ਲਈ ਇੱਕਸਮਾਨ ਤਨਖ਼ਾਹ ਦੇਣ, ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ ਨੂੰ ਤੁਰੰਤ ਵਾਪਸ ਲੈ ਕੇ ਲੋਕ ਪੱਖੀ ਬਣਾਉਣ ਆਦਿ ਮੰਗਾਂ ਨੂੰ ਲੈ ਕੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ ਦੀ 7 ਵੀਂ ਕੌਮੀ ਕਾਨਫਰੰਸ, ਕੌਮੀ ਚੇਅਰਮੈਨ ਐਮ ਐਲ ਸਹਿਗਲ ਤੇ ਕੌਮੀ ਜਨਰਲ ਸਕੱਤਰ ਸੀ ਆਰ ਜੋਸ਼ੇ ਪ੍ਰਕਾਸ਼ ਦੀ ਅਗਵਾਈ ਹੇਠ ਐਤਵਾਰ ਨੂੰ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਸਫਲਤਾ ਪੂਰਵਕ ਸੰਪੰਨ ਹੋਈ। ਕਾਨਫਰੰਸ ਦੌਰਾਨ ਕੌਮੀ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ’ਤੇ ਬਹਿਸ ਵਿੱਚ ਵੱਖ ਵੱਖ ਰਾਜਾਂ ਤੋਂ ਆਏ 25 ਪ੍ਰਤੀਨਿਧਾਂ ਨੇ ਭਾਗ ਲਿਆ ਅਤੇ ਕੁਝ ਸੋਧਾਂ ਤੋਂ ਬਾਅਦ ਨਾਅਰਿਆਂ ਦੀ ਗੂੰਜ ’ਚ ਸਰਵਸੰਮਤੀ ਨਾਲ ਪ੍ਰਵਾਨ ਕਰ ਲਈਆਂ ਗਈਆਂ ਤੇ ਆਉਣ ਵਾਲੇ ਸਮੇਂ ’ਚ ਕੌਮੀ ਟੀਮ ਦੀ ਅਗਵਾਈ ਹੇਠ ਤਿੱਖੇ ਸੰਘਰਸ਼ ਕਰਨ ਦਾ ਅਹਿਦ ਕੀਤਾ ਗਿਆ।ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਵਰਕਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਮੁੱਖ ਜਥੇਬੰਦਕ ਸਕੱਤਰ ਜਗਦੀਸ਼ ਸਿੰਘ ਚਾਹਲ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਕਨਵੀਨਰ ਗੁਰਜੰਟ ਸਿੰਘ ਕੋਕਰੀ, ਪ੍ਰੇਮ ਚਾਵਲਾ, ਗੁਰਜੀਤ ਸਿੰਘ ਘੋੜੇਵਾਹ, ਅਮਰਜੀਤ ਕੌਰ ਰਣ ਸਿੰਘ ਵਾਲਾ, ਸਰੋਜ ਛੱਪੜੀਵਾਲਾ, ਗੁਰਮੇਲ ਸਿੰਘ ਮੈਲਡੇ ਨੇ ਕਿਹਾ ਕਿ ਟਰੇਡ ਯੂਨੀਅਨਾਂ ਦੀ ਰਾਖੀ ਕਰਨਾ ਅਤੇ ਕਾਲੇ ਕਾਨੂੰਨਾਂ ਦੀ ਵਿਰੋਧਤਾ, ਸ਼ਹਿਰੀ ਅਜ਼ਾਦੀਆਂ ਦੀ ਰਾਖੀ ਅਤੇ ਫਿਰਕਾਪ੍ਰਸਤੀ ਦਾ ਵਿਰੋਧ ਆਦਿ ਇਸ ਸਮੇਂ ਸਾਰੇ ਦੇਸ਼ ਦੇ ਕਰੋੜਾਂ ਲੋਕਾਂ ਦੇ ਭਖਦੇ ਮਸਲੇ ਹਨ।ਇਸ ਮੌਕੇ ਸਾਰੇ ਦੇਸ਼ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੁਰਾਣੇ ਕਿਰਤ ਕਾਨੂੰਨ ਬਹਾਲ ਕਰਨ, ਘੱਟੋ ਘੱਟ ਉਜਰਤ ਕਾਨੂੰਨ ਤਹਿਤ 26000 ਰੁਪਏ ਉਜਰਤ ਦੇਣ ਸਬੰਧੀ ਮਤੇ ਸਰਵਸੰਮਤੀ ਨਾਲ ਪ੍ਰਵਾਨ ਕੀਤੇ ਗਏ।ਕਾਮਰੇਡ ਅਜੇ ਸਿੰਘ ਕੌਮੀ ਪ੍ਰਧਾਨ ਅਤੇ ਕਾਮਰੇਡ ਰਣਬੀਰ ਢਿੱਲੋਂ ਸਿਹਤ ਠੀਕ ਨਾ ਹੋਣ ਕਾਰਨ ਪਹੁੰਚ ਨਹੀਂ ਸਕੇ ਤੇ ਉਨ੍ਹਾਂ ਦਾ ਸੰਦੇਸ਼ ਮੋਬਾਇਲ ’ਤੇ ਸਾਰੇ ਹਾਜ਼ਰੀਨ ਨਾਲ ਸਾਂਝਾ ਕੀਤਾ ਗਿਆ। ਕੌਮੀ ਪ੍ਰਧਾਨ ਅਜੇ ਸਿੰਘ ਦੇ ਬਿਮਾਰ ਹੋਣ ਕਾਰਨ ਕੌਮੀ ਜਨਰਲ ਸਕੱਤਰ ਵੱਲੋਂ ਜਥੇਬੰਦੀ ਦੀ ਪੁਰਾਣੀ ਟੀਮ ਦਾ ਅਸਤੀਫ਼ਾ ਪੇਸ਼ ਕੀਤਾ ਗਿਆ ਜੋ ਕਿ ਸਾਰੇ ਸਾਥੀਆਂ ਨੇ ਸਰਵਸੰਮਤੀ ਨਾਲ ਪ੍ਰਵਾਨ ਕਰ ਲਿਆ ਤੇ ਜਥੇਬੰਦੀ ਦੇ ਸੀਨੀਅਰ ਆਗੂ ਨੂੰ ਨਵੀਂ ਟੀਮ ਦਾ ਪੈਨਲ ਪੇਸ਼ ਕਰਨ ਲਈ ਅਧਿਕਾਰਤ ਕੀਤਾ ਗਿਆ। ਪੇਸ਼ ਕੀਤੇ ਗਏ ਪੈਨਲ ਅਨੁਸਾਰ ਕਾਮਰੇਡ ਐਮ ਐਲ ਸਹਿਗਲ (ਹਰਿਆਣਾ) ਚੇਅਰਮੈਨ, ਕਾਮਰੇਡ ਕੁਰਤਾਰਥ ਸਿੰਘ (ਯੂ ਪੀ) ਕੌਮੀ ਪ੍ਰਧਾਨ, ਕਾਮਰੇਡ ਤਪਸ ਤਿ੍ਰਪਾਠੀ ਪੱਛਮੀ ਬੰਗਾਲ ਕੌਮੀ ਵਿੱਤ ਸਕੱਤਰ ਅਤੇ ਵੱਖ ਵੱਖ ਰਾਜਾਂ ਤੋਂ 7 ਮੀਤ ਪ੍ਰਧਾਨ, 6 ਸਕੱਤਰ ਅਤੇ 18 ਮੈਂਬਰੀ ਕਾਰਜਕਾਰਨੀ ਕਮੇਟੀ ਅਤੇ 107 ਮੈਂਬਰੀ ਕੌਮੀ ਕੌਂਸਲ ਵੀ ਚੁਣੀ ਗਈ। ਨਵੇਂ ਅਹੁਦੇਦਾਰ ਚੁਣੇ ਜਾਣ ਤੋਂ ਬਾਅਦ ਸਮੂਹ ਟੀਮ ਦਾ ਹਾਰ ਪਹਿਨਾ ਕੇ ਅਭਿਨੰਦਨ ਕੀਤਾ ਗਿਆ।ਫੈਸਲਾ ਕੀਤਾ ਗਿਆ ਕਿ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਦੇਸ਼ ਭਰ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ 26 ਤੋਂ 28 ਨਵੰਬਰ ਦਰਮਿਆਨ ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਜਨਵਰੀ 2024 ਵਿੱਚ ਦੇਸ਼ ਵਿਆਪੀ ਹੜਤਾਲ / ਭਾਰਤ ਬੰਦ ਕਰਨ ਦੇ ਐਕਸ਼ਨ ਵੱਲ ਅੱਗੇ ਵਧਿਆ ਜਾਵੇਗਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਇੰਦਰ ਵੀਰ ਗਿੱਲ, ਟਹਿਲ ਸਿੰਘ ਸਰਾਭਾ, ਪ੍ਰਭਜੀਤ ਸਿੰਘ ਉਪਲ, ਪ੍ਰਵੀਨ ਕੁਮਾਰ ਲੁਧਿਆਣਾ, ਸੁਖਵਿੰਦਰ ਕੌਰ ਸੁੱਖੀ, ਗੁਰਚਰਨ ਕੌਰ ਮੋਗਾ, ਵੀਨਾ ਜੰਮੂ, ਮਨਜੀਤ ਸਿੰਘ ਗਿੱਲ, ਨਵੀਨ ਸਚਦੇਵਾ, ਗੁਰਪ੍ਰੀਤ ਮਾੜੀਮੇਘਾ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਸੰਜੀਵ ਕੁਮਾਰ ਸ਼ਰਮਾ, ਮੁਨੀਸ਼ ਸ਼ਰਮਾ, ਗੁਰਪ੍ਰੀਤ ਸਿੰਘ ਮੋਗਾ, ਕਰਤਾਰ ਸਿੰਘ ਪਾਲ, ਕਿ੍ਰਸ਼ਨ ਪ੍ਰਸਾਦ ਚੰਡੀਗੜ੍ਹ, ਬਲਜਿੰਦਰ ਸਿੰਘ ਪਟਿਆਲਾ, ਮਨਦੀਪ ਦਸਰਥਲੀ, ਜਗਮੋਹਨ ਸਿੰਘ ਚੌਂਤਾ, ਸੁਖਜਿੰਦਰ ਸਿੰਘ ਖਾਨਪੁਰ, ਪਿ੍ਰੰਸੀਪਲ ਮਨਦੀਪ ਸਿੰਘ ਥਿੰਦ, ਜਿੰਦਰ ਪਾਇਲਟ,ਪਰਮਿੰਦਰ ਸਿੰਘ ਸੋਢੀ, ਭਵਾਨੀ ਫੇਰ ਅੰਮਿ੍ਰਤਸਰ, ਜਸਪਾਲ ਸੰਧੂ, ਰਾਜ ਕੁਮਾਰ ਰੰਗਾ ਮਾਨਸਾ, ਸੰਜੀਵ ਕੁਮਾਰ ਤੇ ਗੁਰਤੇਜ ਸਿੰਘ ਬਠਿੰਡਾ ਆਦਿ ਹਾਜ਼ਰ ਸਨ।




