ਰਾਫਾਹ : ਇਜ਼ਰਾਈਲੀ ਜੰਗੀ ਜਹਾਜ਼ਾਂ ਨੇ ਸ਼ਨੀਵਾਰ-ਐਤਵਾਰ ਦੀ ਰਾਤ ਗਾਜ਼ਾ ਤੋਂ ਇਲਾਵਾ ਸੀਰੀਆ ਦੇ ਦੋ ਹਵਾਈ ਅੱਡਿਆਂ ਅਤੇ ਮਕਬੂਜ਼ਾ ਪੱਛਮੀ ਕੰਢੇ ਦੀ ਇਕ ਮਸਜਿਦ ’ਤੇ ਬੰਬਾਰੀ ਕੀਤੀ। ਇਸ ਨਾਲ ਇਜ਼ਰਾਈਲ ਤੇ ਹਮਾਸ ਵਿਚਾਲੇ ਦੋ ਹਫਤਿਆਂ ਤੋਂ ਚਲੇ ਆ ਰਹੇ ਟਕਰਾਅ ਦੇ ਹੋਰ ਗੰਭੀਰ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।
ਜਦੋਂ ਦੀ ਲੜਾਈ ਛਿੜੀ ਹੈ ਇਜ਼ਰਾਈਲ ਲਿਬਨਾਨ ਵਿਚਲੇ ਹਿਜ਼ਬੁੱਲ੍ਹਾ ਦੇ ਲੜਾਕਿਆਂ ਨਾਲ ਰੋਜ਼ ਪੰਗਾ ਲੈ ਰਿਹਾ ਹੈ। ਉਸਨੇ ਲਿਬਨਾਨ ਨਾਲ ਲਗਦੇ ਆਪਣੇ 13 ਸਰਹੱਦੀ ਪਿੰਡ ਖਾਲੀ ਕਰਵਾ ਲਏ ਹਨ।
ਇਸੇ ਦੌਰਾਨ ਲੜਾਈ ਦੇ ਪੰਦਰਵੇਂ ਦਿਨ ਐਤਵਾਰ ਇਜ਼ਰਾਈਲ ਨੇ ਉੱਤਰੀ ਗਾਜ਼ਾ ਵਿਚ ਅਰਬੀ ’ਚ ਲਿਖੇ ਪਰਚੇ ਸੁੱਟ ਕੇ ਧਮਕੀ ਦਿੱਤੀ ਹੈ ਕਿ ਲੋਕਾਂ ਨੇ ਉੱਤਰੀ ਗਾਜ਼ਾ ਖਾਲੀ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਦਹਿਸ਼ਤਗਰਦ ਜਥੇਬੰਦੀ ਹਮਾਸ ਦਾ ਸਾਥੀ ਸਮਝਿਆ ਜਾਵੇਗਾ। ਇਜ਼ਰਾਈਲ ਵੱਲੋਂ ਸੀਰੀਆ ਦੇ ਅਲੇਪੋ ਤੇ ਦਮਿਸ਼ਕ ਦੇ ਹਵਾਈ ਅੱਡਿਆਂ ’ਤੇ ਬੰਬਾਰੀ ਨਾਲ ਰਨਵੇਅ ਤਬਾਹ ਹੋ ਗਏ ਹਨ ਤੇ ਉਡਾਣਾਂ ਬੰਦ ਕਰਨੀਆਂ ਪਈਆਂ ਹਨ। ਦਮਿਸ਼ਕ ਵਿਚ ਇਕ ਮੁਲਾਜ਼ਮ ਦੀ ਮੌਤ ਵੀ ਹੋਈ ਹੈ। ਗਾਜ਼ਾ ਦੇ ਹਸਪਤਾਲਾਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਸਮੇਂ ਤੋਂ ਪਹਿਲਾਂ ਹੋਏ ਕਰੀਬ 130 ਬੱਚਿਆਂ ਦੀ ਜਾਨ ਨੂੰ ਖਤਰਾ ਹੈ। ਛੇਤੀ ਤੋਂ ਛੇਤੀ ਈਂਧਨ ਨਾ ਪੁੱਜਾ ਤਾਂ ਬੱਚਿਆਂ ਦੀ ਜਾਨ ਜਾ ਸਕਦੀ ਹੈ।
ਪੱਛਮੀ ਕੰਢੇ ’ਚ ਜੈਨਿਨ ਦੀ ਅਲ ਅਨਸਾਰ ਮਸਜਿਦ ’ਤੇ ਹਮਲੇ ਦੇ ਸੰਬੰਧ ਵਿਚ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਥੇ ਹਮਾਸ ਨੇ ਕਮਾਂਡ ਸੈਂਟਰ ਬਣਾਇਆ ਹੋਇਆ ਸੀ। ਇਜ਼ਰਾਈਲ ਨੇ ਕਿਹਾ ਹੈ ਕਿ ਹਿਜ਼ਬੁੱਲ੍ਹਾ ਲਿਬਨਾਨ ਨੂੰ ਜੰਗ ਵਿਚ ਖਿੱਚ ਰਿਹਾ ਹੈ। ਹਿਜ਼ਬੁੱਲ੍ਹਾ ਦੇ ਡਿਪਟੀ ਲੀਡਰ ਸ਼ੇਖ ਨਈਮ ਕਾਸਿਮ ਨੇ ਕਿਹਾ ਹੈ ਕਿ ਜੇ ਇਜ਼ਰਾਈਲ ਨੇ ਗਾਜ਼ਾ ਵਿਚ ਜ਼ਮੀਨੀ ਹਮਲਾ ਕੀਤਾ ਤਾਂ ਉਹ ਵੀ ਜੰਗ ਵਿਚ ਸ਼ਾਮਲ ਹੋ ਜਾਵੇਗਾ।





