ਨਵੀਂ ਦਿੱਲੀ : ਵਾਘ ਬਕਰੀ ਚਾਹ ਕਾਰਨ ਮਸ਼ਹੂਰ ਗੁਜਰਾਤ ਟੀ ਪ੍ਰੋਸੈਸਰਜ਼ ਐਂਡ ਪੈਕਰਜ਼ ਲਿਮਟਿਡ ਦੇ 49 ਸਾਲਾ ਐਗਜ਼ੈਕਟਿਵ ਡਾਇਰੈਕਟਰ ਪਰਾਗ ਦੇਸਾਈ ਦੀ ਸਿਰ ਦੀਆਂ ਗੰਭੀਰ ਸੱਟਾਂ ਕਾਰਨ ਐਤਵਾਰ ਮੌਤ ਹੋ ਗਈ। ਪਿਛਲੇ ਹਫਤੇ ਅਹਿਮਦਾਬਾਦ ’ਚ ਆਪਣੀ ਰਿਹਾਇਸ਼ ਨੇੜੇ ਸਵੇਰ ਦੀ ਸੈਰ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਹਮਲਾ ਕਰਨ ਕਰਕੇ ਉਨ੍ਹਾ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾ ਦੇ ਸਿਰ ਦਾ ਸ਼ਹਿਰ ਦੇ ਨਿੱਜੀ ਹਸਪਤਾਲ ’ਚ ਅਪਰੇਸ਼ਨ ਹੋਇਆ ਸੀ ਤੇ ਉਹ ਆਈ ਸੀ ਯੂ ’ਚ ਸਨ। ਦੇਸਾਈ ਪਰਿਵਾਰਕ ਬਿਜ਼ਨੈੱਸ ’ਚ 1995 ਵਿਚ ਸ਼ਾਮਲ ਹੋਏ ਸਨ, ਜਦੋਂ ਕੰਪਨੀ 100 ਕਰੋੜ ਦੀ ਸੀ। ਉਹ ਕੰਪਨੀ ਨੂੰ 2000 ਕਰੋੜ ਤੱਕ ਲੈ ਗਏ।
ਕੰਪਨੀ 5 ਕਰੋੜ ਕਿੱਲੋ ਚਾਹ ਦਾ ਵਪਾਰ ਕਰਦੀ ਹੈ। ਇਹ 60 ਦੇਸ਼ਾਂ ਨੂੰ ਚਾਹ ਬਰਾਮਦ ਕਰਦੀ ਹੈ। ਵਾਘ ਬਕਰੀ ਗਰੁੱਪ ਨਰੈਣਦਾਸ ਦੇਸਾਈ ਨੇ 1892 ਵਿਚ ਕਾਇਮ ਕੀਤਾ ਸੀ। ਉਨ੍ਹਾ ਦੇ ਪਿਤਾ ਰਾਜੇਸ਼ ਦੇਸਾਈ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ।