ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਿ੍ਰਕਟ ਕਪਤਾਨ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ’ਚ ਸੋਮਵਾਰ ਦੇਹਾਂਤ ਹੋ ਗਿਆ। ਉਨ੍ਹਾ 12 ਸਾਲਾਂ ਦੇ ਕੌਮਾਂਤਰੀ ਕਰੀਅਰ ’ਚ 67 ਟੈਸਟ ਖੇਡੇ ਤੇ 266 ਵਿਕਟਾਂ ਲਈਆਂ। ਉਨ੍ਹਾ 10 ਇਕ ਦਿਨਾਂ ਮੈਚ ਖੇਡੇ ਤੇ 7 ਵਿਕਟਾਂ ਲਈਆਂ। ਅੰਮਿ੍ਰਤਸਰ ਦੇ ਜੰਮਪਲ ਬੇਦੀ, ਇਰਾਪੱਲੀ ਪ੍ਰਸੰਨਾ, ਬੀ ਐੱਸ ਚੰਦਰਸ਼ੇਖਰ ਅਤੇ ਐੱਸ ਵੈਂਕਟਰਾਘਵਨ ਦਾ ਆਪਣੇ ਜ਼ਮਾਨੇ ਵਿਚ ਸਪਿੰਨ ਗੇਂਦਬਾਜ਼ੀ ਵਿਚ ਦਬਦਬਾ ਰਿਹਾ।
ਬੇਦੀ ਨੇ ਟੈਸਟ ਕਰੀਅਰ ਦੀ ਸ਼ੁਰੂਆਤ 31 ਦਸੰਬਰ 1966 ਨੂੰ ਕੋਲਕਾਤਾ ਦੇ ਇਤਿਹਾਸਕ ਸਟੇਡੀਅਮ ਈਡਨ ਗਾਰਡਨ ਵਿਖੇ ਕੀਤੀ, ਜਦੋਂ ਕਿ ਅਗਸਤ-ਸਤੰਬਰ 1979 ’ਚ ਓਵਲ ਵਿਖੇ ਇੰਗਲੈਂਡ ਵਿਰੁੱਧ ਆਪਣਾ ਆਖਰੀ ਟੈਸਟ ਖੇਡਿਆ। ਪਹਿਲਾ ਇਕ ਦਿਨਾ ਮੈਚ ਇੰਗਲੈਂਡ ਖਿਲਾਫ 13 ਜੁਲਾਈ 1974 ਨੂੰ ਲਾਰਡਜ਼ ਵਿਖੇ ਖੇਡਿਆ ਗਿਆ ਸੀ, ਜਦਕਿ ਆਖਰੀ ਇਕ ਦਿਨਾ ਮੈਚ ਸ੍ਰੀਲੰਕਾ ਖਿਲਾਫ 16 ਜੂਨ 1979 ਨੂੰ ਮੈਨਚੈਸਟਰ ਵਿਖੇ ਖੇਡਿਆ ਸੀ।
ਕਹਿੰਦੇ-ਕਹਾਉਦੇ ਬੱਲੇਬਾਜ਼ਾਂ ਦੀ ਚੱਕਰੀ ਘੰੁਮਾਉਣ ਵਾਲੇ ਬੇਦੀ ਨੇ 1975 ਵਿਚ ਵਰਲਡ ਕੱਪ ਵੀ ਖੇਡਿਆ। ਉਨ੍ਹਾ ਈਸਟ ਅਫਰੀਕਾ ਤੇ ਨਿਊ ਜ਼ੀਲੈਂਡ ਵਿਰੁੱਧ ਮੈਚ ਖੇਡੇ ਤੇ ਇਕ-ਇਕ ਵਿਕਟ ਲਈ। ਉਨ੍ਹਾ ਈਸਟ ਅਫਰੀਕਾ ਖਿਲਾਫ 12 ਓਵਰਾਂ ਵਿਚ 8 ਮੇਡਨ ਸੁੱਟੇ ਤੇ 6 ਦੌੜਾਂ ਹੀ ਦਿੱਤੀਆਂ।
ਬੇਦੀ ਨੇ ਦੋ ਵਿਆਹ ਕਰਾਏ। 1967-68 ਵਿਚ ਆਸਟਰੇਲੀਆ ਦੌਰੇ ਦੌਰਾਨ ਮੈਲਬਰਨ ਵਿਚ ਉਨ੍ਹਾ ਦੀ ਗਲੇਨਿਥ ਨਾਲ ਮੁਲਾਕਾਤ ਹੋਈ, ਜਿਹੜੀ ਵਿਆਹ ਵਿਚ ਬਦਲ ਗਈ। ਕੁਝ ਸਾਲ ਬਾਅਦ ਉਨ੍ਹਾ ਦੇ ਬੇਟਾ ਹੋਇਆ, ਜਿਸ ਦਾ ਨਾਂਅ ਉਨ੍ਹਾ ਗਾਵਸ ਇੰਦਰ ਸਿੰਘ ਰੱਖਿਆ। ਗਾਵਸ ਸੁਨੀਲ ਗਾਵਸਕਰ ਦੇ ਨਾਂਅ ਤੋਂ ਲਿਆ ਗਿਆ। ਪਹਿਲੇ ਵਿਆਹ ਤੋਂ ਧੀ ਗਿਲਇੰਦਰ ਵੀ ਪੈਦਾ ਹੋਈ। ਕੁਝ ਸਾਲਾਂ ਬਾਅਦ ਬੇਦੀ ਤੇ ਗਲੇਨਿਥ ਦਾ ਤਲਾਕ ਹੋ ਗਿਆ। ਦੂਜਾ ਵਿਆਹ ਅੰਜੂ ਨਾਲ ਹੋਇਆ ਅਤੇ ਬੇਟਾ ਅੰਗਦ ਤੇ ਧੀ ਨੇਹਾ ਪੈਦਾ ਹੋਏ। ਅੰਗਦ ਬੇਦੀ ਮਾਡਲ ਤੇ ਐਕਟਰ ਹੈ। ਉਹ ਪਿਛਲੇ ਦੋ ਸਾਲਾਂ ਤੋਂ ਢਿੱਲੇ ਚੱਲ ਰਹੇ ਸਨ। ਇਕ ਮਹੀਨਾ ਪਹਿਲਾਂ ਉਨ੍ਹਾ ਦੇ ਗੋਡੇ ਦੀ ਸਰਜਰੀ ਵੀ ਹੋਈ ਸੀ।
ਬੇਦੀ ਬਾਰੇ ਉਨ੍ਹਾ ਦੀ ਧੀ ਨੇਹਾ ਬੇਦੀ ਨੇ ਕਿਤਾਬ ‘ਸਰਦਾਰ ਆਫ ਸਪਿੰਨ’ ਲਿਖੀ ਸੀ। ਉਸ ਵਿਚ ਸਚਿਨ ਤੇਂਦੁਲਕਰ ਨੇ ਲਿਖਿਆ ਸੀਬੇਦੀ 1990 ਵਿਚ ਜਦੋਂ ਭਾਰਤੀ ਟੀਮ ਦੇ ਕੋਚ ਸਨ ਤਾਂ ਨੈੱਟ ’ਤੇ ਸਖਤੀ ਨਾਲ ਪੇਸ਼ ਆਉਦੇ ਸਨ। ਨੈੱਟ ਦੇ ਬਾਹਰ ਮੈਨੂੰ ਬੇਟੇ ਦੀ ਤਰ੍ਹਾਂ ਮੰਨਦੇ ਸਨ।