ਹਮਾਸ ਨੇ ਦੋ ਬੀਬੀਆਂ ਛੱਡੀਆਂ, ਪਰ ਇਜ਼ਰਾਈਲ ਦੇ ਹਮਲੇ ਜਾਰੀ

0
189

ਯੇਰੂਸ਼ਲਮ : ਮੰਗਲਵਾਰ ਜੰਗ ਦੇ 18ਵੇਂ ਦਿਨ ਵੀ ਇਜ਼ਰਾਈਲ ਦੇ ਗਾਜ਼ਾ ’ਤੇ ਹਮਲੇ ਜਾਰੀ ਰਹੇ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਟੱਪ ਗਈ ਹੈ। ਇਸੇ ਦੌਰਾਨ ਹਮਾਸ ਨੇ ਬੰਦੀਆਂ ਵਿੱਚੋਂ ਦੋ ਬਜ਼ੁਰਗ ਇਜ਼ਰਾਈਲੀ ਮਹਿਲਾਵਾਂ ਨੂੰ ਛੱਡ ਦਿੱਤਾ ਹੈ। ਗਾਜ਼ਾ ਵਿਚ ਇੰਡੋਨੇਸ਼ੀਅਨ ਹਸਪਤਾਲ ਸੋਮਵਾਰ ਰਾਤ ਬਿਜਲੀ ਬੰਦ ਹੋਣ ਨਾਲ ਹਨੇਰੇ ਵਿਚ ਡੁੱਬ ਗਿਆ। ਮੰਗਲਵਾਰ ਸਵੇਰੇ ਬਿਜਲੀ ਬਹਾਲ ਹੋਈ, ਪਰ ਗਰੰਟੀ ਨਹੀਂ ਸੀ ਕਿ ਉਹ ਕਦੋਂ ਤੱਕ ਜਾਰੀ ਰਹੇਗੀ। ਇਜ਼ਰਾਈਲ ਵੱਲੋਂ ਉੱਤਰੀ ਗਾਜ਼ਾ ਵਿਚ ਅਲ-ਸ਼ਤੀ ਰਫਿਊਜ਼ੀ ਕੈਂਪ ’ਤੇ ਬੰਬਾਰੀ ਨਾਲ ਕਈ ਲੋਕ ਮਲਬੇ ਵਿਚ ਦੱਬੇ ਗਏ ਸਨ। ਇਜ਼ਰਾਈਲੀ ਫੌਜ ਦੇ ਬੁਲਾਰੇ ਡੈਨੀਅਲ ਹਗਾਰੀ ਨੇ ਕਿਹਾ ਕਿ ਪਿਛਲੇ ਇਕ ਦਿਨ ਵਿਚ 400 ਤੋਂ ਵੱਧ ਟਿਕਾਣਿਆਂ ’ਤੇ ਬੰਬਾਰੀ ਕੀਤੀ ਗਈ ਹੈ। ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ 140 ਲੋਕ ਮਾਰੇ ਗਏ ਹਨ। ਗਾਜ਼ਾ ਵਿਚ ਫਲਸਤੀਨੀ ਪੱਤਰਕਾਰ ਰਸ਼ਦੀ ਸਰਾਜ ਦੇ ਮਾਰੇ ਜਾਣ ਨਾਲ ਜੰਗ ਵਿਚ ਮਾਰੇ ਜਾਣ ਵਾਲੇ ਪੱਤਰਕਾਰਾਂ ਦੀ ਗਿਣਤੀ 23 ਹੋ ਗਈ ਹੈ।
ਉਧਰ, ਇਜ਼ਰਾਈਲ ਪੁੱਜੇ ਫਰਾਂਸੀਸੀ ਰਾਸ਼ਟਰਪਤੀ ਇਮੈਨੂਏਲ ਮੈਂਕਰੋ ਨੇ ਇਜ਼ਰਾਈਲ ਨਾਲ ਯਕਜਹਿਤੀ ਪ੍ਰਗਟਾਈ ਤੇ ਨਾਲ ਹੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਫਲਸਤੀਨ ਰਾਜ ਕਾਇਮ ਹੋਵੇ ਤੇ ਪੱਛਮੀ ਕੰਢੇ ਵਿਚ ਇਜ਼ਰਾਈਲੀ ਬਸਤੀਆਂ ਖਤਮ ਹੋਣ। ਮਸਲੇ ’ਤੇ ਵਿਚਾਰ ਕਰਨ ਲਈ ਸੰਯੁਕਤ ਰਾਸ਼ਟਰ ਮਹਾਂ ਸਭਾ ਦਾ ਵੀਰਵਾਰ ਵਿਸ਼ੇਸ਼ ਹੰਗਾਮੀ ਅਜਲਾਸ ਸੱਦਿਆ ਗਿਆ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਦਾ ਇਜ਼ਰਾਈਲ ’ਤੇ ਹਮਲਾ ਅਮਰੀਕਾ ’ਤੇ ਹੋਏ ਹਮਲੇ ਤੋਂ ਵੱਧ ਸਭ ਤੋਂ ਭਿਆਨਕ ਦਹਿਸ਼ਤੀ ਹਮਲਾ ਸੀ।
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਇਜ਼ਰਾਈਲੀ ਤੇ ਫਲਸਤੀਨੀ ਵਿਦੇਸ਼ ਮੰਤਰੀਆਂ ਨਾਲ ਫੋਨ ’ਤੇ ਗੱਲਬਾਤ ਵਿਚ ਕਿਹਾ ਕਿ ਕੌਮਾਂਤਰੀ ਮਾਨਵੀ ਕਾਨੂੰਨਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਵਾਂਗ ਇਸ ਹਫਤੇ ਅਮਰੀਕਾ ਵੀ ਜਾ ਰਹੇ ਹਨ।

LEAVE A REPLY

Please enter your comment!
Please enter your name here