ਰਿਕਜੇਵਿਕ : ਮਹਿਲਾਵਾਂ ਨਾਲ ਉਜਰਤ ਵਿਚ ਵਿਤਕਰਾ ਕਰਨ ਤੇ ਉਨ੍ਹਾਂ ’ਤੇ ਹਿੰਸਾ ਖਿਲਾਫ ਆਈਸਲੈਂਡ ਵਿਚ ਮੰਗਲਵਾਰ ਦੇਸ਼ਵਿਆਪੀ ਹੜਤਾਲ ’ਚ ਹਜ਼ਾਰਾਂ ਮਹਿਲਾਵਾਂ ਨਾਲ ਪ੍ਰਧਾਨ ਮੰਤਰੀ ਕਾਰਤਿਨ ਜਕੋਬਡੌਟਿਰ ਵੀ ਸ਼ਾਮਲ ਹੋਈ। ਬਰਾਬਰ ਉਜਰਤ ਲਈ ਦੇਸ਼ ਵਿਚ 24 ਅਕਤੂਬਰ 1975 ਵਿਚ ਪਹਿਲੀ ਵਾਰ ਹੜਤਾਲ ਹੋਈ ਸੀ। ਜਥੇਬੰਦਕਾਂ ਨੇ ਪ੍ਰਵਾਸੀ ਮਹਿਲਾਵਾਂ ਸਣੇ ਸਾਰੀਆਂ ਮਹਿਲਾਵਾਂ, ਚਾਹੇ ਉਨ੍ਹਾਂ ਨੂੰ ਉਜਰਤ ਮਿਲਦੀ ਹੈ ਜਾਂ ਨਹੀਂ, 24 ਅਕਤੂਬਰ ਦੀ ਹੜਤਾਲ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਹੜਤਾਲ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੰਮ ਨਹੀਂ ਕਰੇਗੀ ਤੇ ਆਸ ਹੈ ਕਿ ਹੋਰ ਸਰਕਾਰੀ ਨੌਕਰੀ ਕਰਦੀਆਂ ਮਹਿਲਾਵਾਂ ਵੀ ਦੇਸ਼ ਦੀਆਂ ਮਹਿਲਾਵਾਂ ਨਾਲ ਯਕਜਹਿਤੀ ਵਜੋਂ ਹੜਤਾਲ ਕਰਨਗੀਆਂ। ਉਸ ਨੇ ਕਿਹਾਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਹੱਕ ਅਜੇ ਤੱਕ ਨਹੀਂ ਮਿਲੇ। ਉਜਰਤਾਂ ਵਿਚ ਫਰਕ ਹੈ, ਜਿਹੜਾ ਕਿ 2023 ਵਿਚ ਬਰਦਾਸ਼ਤ ਨਹੀਂ। ਮਹਿਲਾਵਾਂ ’ਤੇ ਹਿੰਸਾ ਹੋ ਰਹੀ ਹੈ।
ਦੇਸ਼ ਦੀ ਟੀਚਰਜ਼ ਯੂਨੀਅਨ ਮੁਤਾਬਕ ਸਿੱਖਿਆ ਖੇਤਰ ਵਿਚ ਬਹੁਤੀਆਂ ਮੁਲਾਜ਼ਮ ਮਹਿਲਾਵਾਂ ਹਨ। ਕਿੰਡਰ ਗਾਰਟਨ ਟੀਚਰਾਂ ਵਿਚ 94 ਫੀਸਦੀ ਮਹਿਲਾਵਾਂ ਹਨ। ਦੇਸ਼ ਦੇ ਸਭ ਤੋਂ ਵੱਡੇ ਨੈਸ਼ਨਲ ਯੂਨੀਵਰਸਿਟੀ ਹਸਪਤਾਲ ’ਚ ਕਰੀਬ 80 ਫੀਸਦੀ ਮਹਿਲਾ ਵਰਕਰ ਹਨ।
ਆਈਸਲੈਂਡ ਨੂੰ ਸੰਸਾਰ ਆਰਥਕ ਫੋਰਮ ਲਗਾਤਾਰ 14 ਸਾਲ ਤੋਂ ਮਹਿਲਾਵਾਂ ਦੀ ਬਰਾਬਰੀ ਦੇ ਮਾਮਲੇ ਵਿਚ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਐਲਾਨਦਾ ਆ ਰਿਹਾ ਹੈ, ਪਰ ਇਹ ਬਰਾਬਰੀ ਮੁਕੰਮਲ ਨਹੀਂ। ਫੋਰਮ ਮੁਤਾਬਕ ਦੇਸ਼ ਦਾ ਓਵਰਆਲ ਸਕੋਰ 91.2 ਫੀਸਦੀ ਹੈ। 1975 ਵਿਚ ਬਰਾਬਰੀ ਲਈ ਕਰੀਬ 90 ਫੀਸਦੀ ਮਹਿਲਾ ਵਰਕਰ ਹੜਤਾਲ ’ਤੇ ਗਈਆਂ ਸਨ। ਅਗਲੇ ਸਾਲ ਸੰਸਦ ਨੂੰ ਮਹਿਲਾਵਾਂ ਨੂੰ ਬਰਾਬਰ ਉਜਰਤ ਦੇਣ ਦਾ ਕਾਨੂੰਨ ਪਾਸ ਕਰਨਾ ਪਿਆ ਸੀ।





